ਭਗਵੰਤ ਮਾਨ ਸਰਕਾਰ ਵੱਲੋਂ ਤਕਨਾਲੋਜੀ ਆਧਾਰਿਤ ਟੈਕਸ ਲਾਗੂਕਰਨ ਤੇਜ਼ ਕੀਤੇ ਜਾਣ ਨਾਲ ਫ਼ਰਜ਼ੀ ਇਨਪੁਟ ਟੈਕਸ ਕ੍ਰੈਡਿਟ ਨੈੱਟਵਰਕਾਂ ਵਿਰੁੱਧ ਸਖ਼ਤ ਕਾਰਵਾਈ: ਚੀਮਾ
ਇਮਾਨਦਾਰ ਟੈਕਸ ਦਾਤਾਵਾਂ ਨੂੰ ਹਮੇਸ਼ਾ ਸਹੂਲਤ ਮਿਲੇਗੀ, ਪਰ ਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ ਪ੍ਰਤੀ ਜ਼ੀਰੋ ਟਾਲਰੈਂਸ ਦੀ ਵਚਨਬੱਧਤਾ: ਚੀਮਾ
ਚੰਡੀਗੜ੍ਹ : ਟੈਕਸ ਚੋਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ 22 ਕਰੋੜ ਰੁਪਏ ਦੇ ਜੀ.ਐੱਸ.ਟੀ. (ਵਸਤਾਂ ਅਤੇ ਸੇਵਾਵਾਂ ਕਰ) ਦੀ ਚੋਰੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਨ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਸਥਿਤ ਇੱਕ ਫਰਮ ਵਿਰੁੱਧ ਪੰਜਾਬ ਕਰ ਵਿਭਾਗ ਵਿਭਾਗ ਦੇ ਇੰਟੈਲੀਜੈਂਸ-ਅਧਾਰਤ ਆਪ੍ਰੇਸ਼ਨ ਦੇ ਨਤੀਜੇ ਵਜੋਂ ਮੌਕੇ 'ਤੇ 9.50 ਕਰੋੜ ਰੁਪਏ ਦੀ ਨਕਦ ਬਰਾਮਦਗੀ ਹੋ ਚੁੱਕੀ ਹੈ, ਜੋ ਕਿ ਟੈਕਸ ਧੋਖਾਧੜੀ ਵਿਰੁੱਧ ਭਗਵੰਤ ਮਾਨ ਸਰਕਾਰ ਦੀ ਤਕਨਾਲੋਜੀ-ਸੰਚਾਲਿਤ ਅਤੇ ਜ਼ੀਰੋ-ਟਾਲਰੈਂਸ ਨੀਤੀ ਦੀ ਇੱਕ ਵੱਡੀ ਕਾਮਯਾਬੀ ਹੈ।ਬਾਰੀਕੀ ਨਾਲ ਕੀਤੇ ਗਏ ਡੇਟਾ ਵਿਸ਼ਲੇਸ਼ਣ ਰਾਹੀਂ, ਸਾਡੇ ਟੈਕਸ ਅਧਿਕਾਰੀਆਂ ਨੇ ਪਾਇਆ ਕਿ ਇਸ ਕੰਪਨੀ ਨੇ ਲਗਭਗ 22.53 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਦਾ ਗਲਤ ਦਾਅਵਾ ਕੀਤਾ ਸੀ। ਅਸੀਂ ਪਾਇਆ ਕਿ ਇਹ ਵੱਡੇ ਦਾਅਵੇ ਸਿੱਧੇ ਤੌਰ 'ਤੇ ਉਨ੍ਹਾਂ ਸਪਲਾਇਰਾਂ ਨਾਲ ਜੁੜੇ ਹੋਏ ਸਨ ਜਿਨ੍ਹਾਂ ਦੀਆਂ ਜੀ.ਐਸ.ਟੀ. ਰਜਿਸਟ੍ਰੇਸ਼ਨਾਂ ਨੂੰ ਸਬੰਧਤ ਅਧਿਕਾਰੀਆਂ ਦੁਆਰਾ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਸੀ।" ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਵਿਭਾਗ ਨੇ ਜਿਵੇਂ-ਜਿਵੇਂ ਡੂੰਘਾਈ ਨਾਲ ਜਾਂਚ ਕੀਤੀ, ਇਹ ਸਪੱਸ਼ਟ ਹੋ ਗਿਆ ਕਿ ਪੂਰੀ ਸਪਲਾਈ ਚੇਨ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਬਣੀ ਹੋਈ ਸੀ। ਉਨ੍ਹਾਂ ਕਿਹਾ, "ਸਾਡੀ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਇਸ ਲੈਣ-ਦੇਣ ਦੀ ਲੜੀ ਵਿੱਚ ਵਿਚੋਲੇ ਸਪਲਾਇਰਾਂ ਨੇ ਖੁਦ ਰੱਦ ਕੀਤੇ ਡੀਲਰਾਂ ਤੋਂ ਭਾਰੀ ਆਈ.ਟੀ.ਸੀ. ਪ੍ਰਾਪਤ ਕੀਤਾ ਸੀ। ਉਨ੍ਹਾਂ ਦੱਸਿਆ, "ਇਨ੍ਹਾਂ ਪੁਖ਼ਤਾ ਸੂਚਨਾਵਾਂ 'ਤੇ ਕਾਰਵਾਈ ਕਰਦਿਆਂ, ਸਾਡੇ ਵਿਭਾਗ ਨੇ 7 ਸਤੰਬਰ 2026 ਨੂੰ ਮੰਡੀ ਗੋਬਿੰਦਗੜ੍ਹ ਵਿਖੇ ਫਰਮ ਦੇ ਕਾਰੋਬਾਰੀ ਅਹਾਤੇ 'ਤੇ ਸਖ਼ਤ ਨਿਰੀਖਣ ਕੀਤਾ। ਤਲਾਸ਼ੀ ਦੇਰ ਰਾਤ ਤੱਕ ਜਾਰੀ ਰਹੀ। ਇਹ ਮਹਿਸੂਸ ਕਰਦਿਆਂ ਕਿ ਉਨ੍ਹਾਂ ਦੀ ਖੇਡ ਖਤਮ ਹੋ ਗਈ ਹੈ ਅਤੇ ਉਹ ਸਾਡੇ ਸਬੂਤਾਂ ਨਾਲ ਘਿਰ ਗਏ ਹਨ, ਸਬੰਧਤ ਧਿਰ ਨੇ ਮੌਕੇ 'ਤੇ ਹੀ 9.50 ਕਰੋੜ ਰੁਪਏ ਐਸ.ਜੀ.ਐਸ.ਟੀ. ਵਜੋਂ ਨਕਦ ਜਮ੍ਹਾ ਕਰਵਾ ਦਿੱਤੇ।" ਇਮਾਨਦਾਰ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਟੈਕਸ ਦਾਤਾਵਾਂ ਨੂੰ ਹਮੇਸ਼ਾ ਸਹੂਲਤ ਮਿਲੇਗੀ ਅਤੇ ਉਨ੍ਹਾਂ ਨੂੰ ਸਾਡਾ ਪੂਰਾ ਸਹਿਯੋਗ ਮਿਲੇਗਾ। ਹਾਲਾਂਕਿ, ਜਿਹੜੇ ਲੋਕ ਸਾਡੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।"