ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਇਆ
ਆਪਣਾ ਪੈਰ ਬਚਾਉਣ ਦੀ ਉਮੀਦ ਹੋਈ ਪੂਰੀ , ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੈਨੂੰ ਮਿਲਿਆ ਸਮੇਂ ਸਿਰ ਇਲਾਜ : ਹਰਚਰਨ ਸਿੰਘ, ਲਾਭਪਾਤਰੀ
ਸਮੇਂ ਸਿਰ ਹੋਈ ਸਰਜਰੀ ਨੇ ਇਨਫੈਕਸ਼ਨ ਤੋੰ ਰਾਹਤ ਦਿਵਾਈ : ਰਾਜਾ, ਲਾਭਪਾਤਰੀ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲੇ ਇਲਾਜ ਨਾਲ ਪੈਰ ਗੁਆਉਣ ਦਾ ਡਰ ਹੋਇਆ ਦੂਰ : ਵੀਨਾ, ਲਾਭਪਾਤਰੀ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲੇ ਇਲਾਜ ਸਦਕਾ ਲੰਮੇ ਸਮੇਂ ਤੋਂ ਨਾ ਭਰ ਰਹੇ ਪੈਰ ਦੇ ਜ਼ਖ਼ਮ ਤੋਂ ਮਿਲੀ ਰਾਹਤ: ਸੰਤੋਖ ਸਿੰਘ, ਲਾਭਪਾਤਰੀ
ਚੰਡੀਗੜ੍ਹ : ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ, ਪਰ ਇਸ ਦਾ ਖ਼ਤਰਾ ਬਿਲਕੁਲ ਵੀ ਛੋਟਾ ਨਹੀਂ ਸੀ। ਸ਼ੂਗਰ ਤੋਂ ਪੀੜਤ ਵਿਅਕਤੀ ਦੇ ਪੈਰ ’ਤੇ ਲੱਗੀ ਇੱਕ ਛੋਟੀ ਜਿਹੀ ਸੱਟ ਹੌਲੀ-ਹੌਲੀ ਗੰਭੀਰ ਮੈਡੀਕਲ ਐਮਰਜੈਂਸੀ ਦਾ ਰੂਪ ਧਾਰ ਸਕਦੀ ਹੈ। ਨਾੜੀਆਂ ਨੂੰ ਨੁਕਸਾਨ ਪਹੁੰਚਣ ਕਾਰਨ ਦਰਦ ਮਹਿਸੂਸ ਕਰਨ ਦੀ ਸਮਰੱਥਾ ਘਟ ਜਾਂਦੀ ਹੈ, ਜਿਸ ਕਾਰਨ ਸੱਟ ਦਾ ਪਤਾ ਲੱਗਣਾ ਮੁਸ਼ਕਲ ਹੋ ਜਾਂਦਾ ਹੈ। ਖ਼ੂਨ ਦਾ ਸੰਚਾਰ ਖ਼ਰਾਬ ਹੋਣ ਨਾਲ ਜ਼ਖ਼ਮ ਭਰਨ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈI ਇਸੇ ਤਰ੍ਹਾਂ 67 ਸਾਲਾ ਸੰਤੋਖ ਸਿੰਘ ਦੇ ਪੈਰ ਵਿੱਚ ਲੰਮੇ ਸਮੇਂ ਤੋਂ ਨਾ ਭਰਨ ਵਾਲਾ ਡਾਇਬਿਟਿਕ ਫੁੱਟ ਅਲਸਰ ਹੋ ਗਿਆ ਪਰ ਸਮੇਂ ਸਿਰ ਮਿਲੇ ਇਲਾਜ ਨੇ ਇਨ੍ਹਾਂ ਚਾਰਾਂ ਮਰੀਜ਼ਾਂ ਨੂੰ ਇਨਫੈਕਸ਼ਨ ਨਾਲ ਲੜਕੇ ਆਪਣੇ ਅੰਗ ਬਚਾਉਣ ਦਾ ਮੌਕਾ ਦਿੱਤਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਅੰਕੜੇ ਦੇ ਪਿੱਛੇ ਇੱਕ ਇਨਸਾਨੀ ਜ਼ਿੰਦਗੀ ਹੈ ਇੱਕ ਪਿਤਾ, ਇੱਕ ਮਾਂ, ਇੱਕ ਪੁੱਤਰ ਜਾਂ ਇੱਕ ਧੀ, ਜਿਸ ਦਾ ਪਰਿਵਾਰ ਇੱਕ ਹੋਰ ਮੌਕੇ ਦੀ ਉਮੀਦ ਕਰ ਰਿਹਾ ਹੈ। ਡਾਇਬਿਟਿਕ ਫੁੱਟ ਦੀਆਂ ਪੇਚੀਦਗੀਆਂ ਹੌਲੀ-ਹੌਲੀ ਵਧ ਸਕਦੀਆਂ ਹਨ ਅਤੇ ਜੇ ਇਲਾਜ ਵਿੱਚ ਦੇਰੀ ਹੋਵੇ ਤਾਂ ਚੱਲਣ-ਫਿਰਨ ਦੀ ਸਮਰੱਥਾ ਅਤੇ ਇੱਥੋਂ ਤੱਕ ਕਿ ਅੰਗ ਗਵਾਉਣ ਦਾ ਵੀ ਖ਼ਤਰਾ ਪੈਦਾ ਹੋ ਸਕਦਾ ਹੈ। ਸਾਡੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦੇ ਕਿਸੇ ਵੀ ਪਰਿਵਾਰ ਨੂੰ ਸਮੇਂ ਸਿਰ ਇਲਾਜ ਕਰਵਾਉਣ ਲਈ ਖ਼ਰਚੇ ਦੇ ਬੋਝ ਦੀ ਚਿੰਤਾ ਨਾ ਕਰਨੀ ਪਵੇ।” ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਇਸ ਉਦੇਸ਼ ਨਾਲ ਤਿਆਰ ਕੀਤੀ ਗਈ ਹੈ ਕਿ ਜਦੋਂ ਕੋਈ ਮਰੀਜ਼ ਹਸਪਤਾਲ ਪਹੁੰਚੇ ਤਾਂ ਧਿਆਨ ਮਰੀਜ਼ ਦੀ ਜਾਨ ਬਚਾਉਣ ’ਤੇ ਹੋਵੇ, ਨਾ ਕਿ ਇਸ ਗੱਲ ’ਤੇ ਕਿ ਉਸ ਦਾ ਪਰਿਵਾਰ ਇਲਾਜ ਦਾ ਖ਼ਰਚਾ ਚੁੱਕ ਸਕੇਗਾ ਜਾਂ ਨਹੀਂ। ਰਾਜ ਸਿਹਤ ਏਜੰਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪਿਛਲੇ ਲਗਭਗ ਅੱਠ ਮਹੀਨਿਆਂ ਦੌਰਾਨ 560 ਮਰੀਜ਼ਾਂ ਨੂੰ ਡਾਇਬਿਟਿਕ ਫੁੱਟ ਅਤੇ ਇਸ ਨਾਲ ਜੁੜੀਆਂ ਪੇਚੀਦਗੀਆਂ ਦਾ ਇਲਾਜ ਮੁਹੱਈਆ ਕਰਵਾਇਆ ਗਿਆ, ਜਿਸ ’ਤੇ ਕੁੱਲ 1.32 ਕਰੋੜ ਖ਼ਰਚ ਕੀਤੇ ਗਏ। ਸਰਜੀਕਲ ਇਲਾਜ ਇਸ ਵਿੱਚ ਸਭ ਤੋਂ ਵੱਡਾ ਹਿੱਸਾ ਰਿਹਾ। ਇਸ ਤਹਿਤ 126 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਅਤੇ 44.55 ਲੱਖ ਰੁਪਏ ਖ਼ਰਚ ਹੋਏ। ਇਸੇ ਦੌਰਾਨ 123 ਮਰੀਜ਼ਾਂ ਨੂੰ ਮੈਡੀਕਲ ਮੈਨੇਜਮੈਂਟ ਮੁਹੱਈਆ ਕਰਵਾਇਆ ਗਿਆ।