ਪੀ.ਆਰ.ਟੀ.ਸੀ. ਦੇ ਮੁਲਾਜਮ ਮੇਰੇ ਦੇ ਪਰਿਵਾਰ ਦਾ ਹਿੱਸਾ : ਚੇਅਰਮੈਨ ਜੁਨੇਜਾ
ਪਟਿਆਲਾ : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਪਟਿਆਲਾ ਦੇ ਮੁੱਖ ਦਫ਼ਤਰ ਵਿਖੇ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ, ਪੀਆਰਟੀਸੀ ਚੇਅਰਮੈਨ ਹਰਪਾਲ ਜੁਨੇਜਾ ਅਤੇ ਐਮ.ਡੀ. ਮਨੀਸ਼ਾ ਰਾਣਾ ਨੇ ਪੀ.ਆਰ.ਟੀ.ਸੀ. ਪਟਿਆਲਾ ਡਿਪੂ ਦੇ ਮ੍ਰਿਤਕ ਕੰਡਕਟਰ ਸਤਪਾਲ ਸਿੰਘ ਦੇ ਪਰਿਵਾਰ ਨਾਲ ਆਪਣਾ ਦੁਖ ਸਾਂਝਾ ਕਰਦੇ ਹੋਏ ਉਸ ਦੇ ਵਾਰਸਾਂ ਨੂੰ 65.50 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ। ਇਸ ਮੌਕੇ ਸ. ਬਲਤੇਜ ਸਿੰਘ ਪੰਨੂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਤੇ ਇਸਦੇ ਅਦਾਰੇ ਡਿਊਟੀ ਦੌਰਾਨ ਹੁੰਦੇ ਹਾਦਸਿਆਂ ਦੇ ਮੱਦੇਨਜ਼ਰ ਆਪਣੇ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰ ਦੀ ਭਲਾਈ ਅਤੇ ਵਿੱਤੀ ਸੰਕਟਾਂ ਨੂੰ ਨਜਿੱਠਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਇਸੇ ਤਹਿਤ ਪੀ.ਆਰ.ਟੀ.ਸੀ ਵੱਲੋਂ ਇਹ ਕਦਮ ਚੁੱਕਦਿਆਂ ਆਪਣੇ ਮੁਲਾਜਮਾਂ ਦੇ ਪਰਿਵਾਰਾਂ ਦਾ ਦੁੱਖ ਸਮਝਦਿਆਂ ਹੋਇਆ ਕੰਡਕਟਰ ਦੇ ਵਾਰਸਾਂ ਨੂੰ 65.50 ਲੱਖ ਰੁਪਏ ਦੀ ਮਾਲੀ ਮਦਦ ਕੀਤੀ ਗਈ ਹੈ ਅਤੇ ਪੀ.ਆਰ.ਟੀ.ਸੀ ਦੇ ਸਾਰੇ ਮੁਲਾਜ਼ਮ ਇਸ ਸਕੀਮ ਅਧੀਨ ਕਵਰ ਹੁੰਦੇ ਹਨ। ਇਸ ਲਈ ਭਵਿੱਖ ਵਿੱਚ ਕੰਡਕਟਰ ਦੇ ਪਰਿਵਾਰ ਨੂੰ ਕਿਸੇ ਕਿਸਮ ਦੀ ਲੋੜ ਪੈਣ ਤੇ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸਤਪਾਲ ਸਿੰਘ ਦੇ ਪਰਿਵਾਰ ਨੂੰ ਪੀ.ਆਰ.ਟੀ.ਸੀ. ਅਤੇ ਪੰਜਾਬ ਐਂਡ ਸਿੰਧ ਬੈਂਕ ਵਿਚਾਕਾਰ ਹੋਏ ਸਮਝੋਤੇ ਤਹਿਤ ਕਾਰਪੋਰੇਟ ਬੀਮਾਂ ਸ਼ਰਤਾਂ ਅਨੁਸਾਰ 65.50 ਲੱਖ ਰੁਪਏ ਦਾ ਮੁਆਵਜਾ ਦਿੱਤਾ ਗਿਆ ਹੈ ਜਿਸ ਦਾ ਮੰਤਵ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਐਮ.ਡੀ. ਪੀਆਰਟੀਸੀ ਮਨੀਸ਼ਾ ਰਾਣਾ ਨੇ ਦੱਸਿਆ ਕਿ ਮ੍ਰਿਤਕ ਕੰਡਕਟਰ ਦੇ ਵਾਰਸਾਂ ਨੂੰ 40 ਲੱਖ ਰੁਪਏ ਬੀਮਾ ਰਾਸ਼ੀ ਅਤੇ ਬੱਚਿਆਂ ਦੀ ਪੜ੍ਹਾਈ ਲਈ 18 ਲੱਖ ਰੁਪਏ ਦੀ ਵਿੱਤੀ ਸਹਾਇਤਾ ਤੋਂ ਇਲਾਵਾ ਵਾਰਸਾਂ ਨੂੰ ਹਰ ਮਹੀਨੇ ਈ.ਐਸ.ਆਈ./ਈ.ਪੀ.ਐਫ. ਤੋਂ ਪੈਨਸ਼ਨ ਦੀ ਵੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੀ.ਆਰ.ਟੀ.ਸੀ. ਹਰ ਸੁੱਖ-ਦੁੱਖ ਵੇਲੇ ਆਪਣੇ ਮੁਲਾਜਮਾਂ ਨਾਲ ਖੜੀ ਹੈ।