ਲੁਧਿਆਣਾ : ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਭਾਗ ਸਿੰਘ ਸਰੀਂਹ ਨੇ ਦੇਸ਼ ਅੰਦਰ ਲਗਾਤਾਰ ਵਧ ਰਹੀ ਮਹਿੰਗਾਈ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਮਹਿੰਗਾਈ ਇੱਕ ਲਾਇਲਾਜ ਬੀਮਾਰੀ ਵਾਂਗ ਫੈਲ ਚੁੱਕੀ ਹੈ। ਇਸ ਕਾਰਨ ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਲਈ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਵੀ ਚੁਣੌਤੀ ਬਣ ਗਿਆ ਹੈ, ਜਦਕਿ ਮੌਜੂਦਾ ਸਰਕਾਰਾਂ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਅੱਖਾਂ ਬੰਦ ਕਰਕੇ ਬੈਠੀਆਂ ਹਨ। ਸਰੀਂਹ ਨੇ ਕਿਹਾ ਕਿ ਅੱਜ ਇੱਕ ਆਮ ਇਨਸਾਨ ਲਈ ਆਪਣਾ ਘਰ ਬਣਾਉਣਾ ਤਾਂ ਦੂਰ ਦੀ ਗੱਲ, ਰੋਜ਼ਾਨਾ ਦੇ ਖਰਚੇ ਪੂਰੇ ਕਰਨੇ ਵੀ ਮੁਸ਼ਕਿਲ ਹੋ ਗਏ ਹਨ। ਉਨ੍ਹਾਂ ਵਿਦੇਸ਼ੀ ਪ੍ਰਣਾਲੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬਾਹਰਲੇ ਮੁਲਕਾਂ ਵਿੱਚ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਬਿਹਤਰ ਸਿਹਤ ਸਹੂਲਤਾਂ, ਮਿਆਰੀ ਸਿੱਖਿਆ ਅਤੇ ਖਾਣ-ਪੀਣ ਵਾਲੀਆਂ ਬੁਨਿਆਦੀ ਚੀਜ਼ਾਂ ਬਹੁਤ ਹੀ ਸਸਤੀਆਂ ਜਾਂ ਮੁਫ਼ਤ ਦਿੰਦੀਆਂ ਹਨ, ਜਿਸ ਕਰਕੇ ਉੱਥੋਂ ਦੇ ਲੋਕ ਸੁਖਾਲਾ ਜੀਵਨ ਜਿਊਂਦੇ ਹਨ। ਪਰ ਸਾਡੇ ਦੇਸ਼ ਵਿੱਚ ਇਨ੍ਹਾਂ ਬੁਨਿਆਦੀ ਲੋੜਾਂ ਦਾ ਵੀ ਵਪਾਰੀਕਰਨ ਹੋ ਚੁੱਕਾ ਹੈ ਅਤੇ ਜਨਤਾ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਸਰੀਂਹ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਸੱਦਾ ਦਿੱਤਾ ਕਿ ਜੇਕਰ ਉਹ ਸੂਬੇ ਵਿੱਚ ਅਸਲ ਬਦਲਾਅ ਅਤੇ ਮੁਫ਼ਤ ਸਿੱਖਿਆ-ਸਿਹਤ ਪ੍ਰਣਾਲੀ ਚਾਹੁੰਦੇ ਹਨ, ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਆਪਣੀ ਲੋਕ-ਪੱਖੀ ਸਰਕਾਰ ਬਣਾਉਣ।