ਸਮਾਣਾ : ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਕਰਾਲਾ ਵਿਖੇ ਪ੍ਰਿੰਸੀਪਲ ਸ੍ਰੀਮਤੀ ਸ਼ਿਪਰਾ ਸ਼ਰਮਾ ਦੀ ਅਗਵਾਈ ਹੇਠ ਰੱਖੜੀ ਦਾ ਤਿਉਹਾਰ ਬੜੇ ਚਾਵਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੇ ਨਾਲ-ਨਾਲ ਆਪਣੀ ਵਿਰਾਸਤ ਤੇ ਰਵਾਇਤਾਂ ਨਾਲ ਜੋੜਨ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਆਪਣੇ ਹੱਥੀਂ ਸੋਹਣੀਆਂ ਤੇ ਰੰਗ-ਬਿਰੰਗੀਆਂ ਰੱਖੜੀਆਂ ਤਿਆਰ ਕੀਤੀਆਂ। ਵਿਦਿਆਰਥੀਆਂ ਨੂੰ ਪ੍ਰਿੰਸੀਪਲ ਦਫ਼ਤਰ ਵਿਖੇ ਕਲਾਸ ਅਨੁਸਾਰ ਸੱਦਿਆ ਗਿਆ, ਜਿੱਥੇ ਉਨ੍ਹਾਂ ਨੇ ਅਧਿਆਪਕਾਂ, ਸਕੂਲ ਦੇ ਡਰਾਈਵਰਾਂ, ਕੰਡਕਟਰਾਂ ਅਤੇ ਉਸ ਵੇਲੇ ਸਕੂਲ ਵਿੱਚ ਮੌਜੂਦ ਮਾਪਿਆਂ ਦੇ ਗੁੱਟਾਂ 'ਤੇ ਰੱਖੜੀਆਂ ਬੰਨ੍ਹ ਕੇ ਪਿਆਰ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਨੇ ਇੱਕ-ਦੂਜੇ ਨੂੰ ਵੀ ਰੱਖੜੀਆਂ ਬੰਨ੍ਹ ਕੇ ਆਪਸੀ ਸਾਂਝ ਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਪੱਕਾ वीडा। ਸਮਾਗਮ ਦਾ ਸਭ ਤੋਂ ਵੱਧ ਖਿੱਚ ਦਾ ਕੇਂਦਰ ਰੁੱਖਾਂ ਨੂੰ ਰੱਖੜੀਆਂ ਬੰਨ੍ਹਣਾ ਰਿਹਾ। ਅਧਿਆਪਕਾਂ ਤੇ ਵਿਦਿਆਰਥੀਆਂ ਨੇ ਰੁੱਖਾਂ ਨੂੰ ਆਪਣਾ ਰਖਵਾਲਾ ਮੰਨਦਿਆਂ ਉਨ੍ਹਾਂ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਅਤੇ ਰੁੱਖਾਂ ਦੀ ਸਾਂਭ-ਸੰਭਾਲ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਪ੍ਰਣ ਲਿਆ। ਇਸ ਉਪਰਾਲੇ ਰਾਹੀਂ ਰੱਖੜੀ ਦੇ ਤਿਉਹਾਰ ਨੂੰ ਕੁਦਰਤ ਨਾਲ ਜੋੜਦਿਆਂ ਇੱਕ ਸੋਹਣਾ ਸੁਨੇਹਾ ਦਿੱਤਾ ਗਿਆ। ਅੰਤ ਵਿੱਚ ਪ੍ਰਿੰਸੀਪਲ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਬੱਚਿਆਂ ਵੱਲੋਂ ਦਿਖਾਈ ਗਈ ਸਿਰਜਣਾਤਮਕਤਾ ਤੇ ਉਤਸ਼ਾਹ ਦੀ ਭਰਪੂਰ ਸ਼ਲਾਘਾ ਕੀਤੀ।