ਲੁਧਿਆਣਾ : ਪੰਜਾਬ ਰਾਜ ਅਤੇ ਚੰਡੀਗੜ੍ਹ (ਯੂ.ਟੀ.) ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ 29 ਅਗਸਤ (ਦਿਨ ਸ਼ਨੀਵਾਰ) ਨੂੰ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਵਿਸ਼ੇਸ਼ "ਓਪਨ ਹਿਅਰਿੰਗ ਕੈਂਪ ਸਿੱਟਿੰਗ" ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮੁਖੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਲੁਧਿਆਣਾ ਅਤੇ ਮਾਲੇਰਕੋਟਲਾ ਕੋਰ ਕਮੇਟੀ ਦੇ ਮੈਂਬਰ ਮਨਜਿੰਦਰ ਸਿੰਘ ਕਲੇਰ ਨੇ ਆਪਣੇ ਆਲਮਗੀਰ ਸਥਿਤ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਸ਼ਿਰਕਤ ਕਰਨ ਲਈ ਮਾਨਯੋਗ ਕਮਿਸ਼ਨ ਦੇ ਮੈਂਬਰ ਸ਼੍ਰੀ ਜਿਤੇਂਦਰ ਸਿੰਘ ਸ਼ੰਟੀ (ਪਦਮ ਸ਼੍ਰੀ ਐਵਾਰਡੀ) ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਅਹਿਮਦਗੜ੍ਹ ਅਤੇ ਅਮਰਗੜ੍ਹ ਵਿਖੇ ਹੋਣਗੇ ਪ੍ਰੋਗਰਾਮ. ਮੈਂਬਰ ਮਨਜਿੰਦਰ ਸਿੰਘ ਕਲੇਰ ਨੇ ਕਮਿਸ਼ਨ ਦੇ ਅਧਿਕਾਰਤ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਮੈਂਬਰ ਸ਼੍ਰੀ ਜਿਤੇਂਦਰ ਸਿੰਘ ਸ਼ੰਟੀ 29 ਅਗਸਤ ਨੂੰ ਸਵੇਰੇ 9:00 ਵਜੇ ਦਾਇਆਨੰਦ ਆਦਰਸ਼ ਵਿਦਿਆ ਸੀਨੀਅਰ ਸੈਕੰਡਰੀ ਸਕੂਲ, ਅਹਿਮਦਗੜ੍ਹ ਵਿਖੇ ਪਹੁੰਚਣਗੇ। ਇਸ ਤੋਂ ਬਾਅਦ ਸਵੇਰੇ 11:00 ਵਜੇ ਤੋਂ ਦੁਪਹਿਰ 12:30 ਵਜੇ ਤੱਕ PSHRC ਦੇ ਕੋਰ ਗਰੁੱਪ ਮੈਂਬਰਾਂ, ਵੱਖ-ਵੱਖ ਐਨ.ਜੀ.ਓਜ਼ (NGOs), ਪਿੰਡਾਂ ਦੇ ਸਰਪੰਚਾਂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਪਹਿਲਾ “ਓਪਨ ਹਿਅਰਿੰਗ ਕੈਂਪ ਸਿੱਟਿੰਗ" ਲਗਾਇਆ ਜਾਵੇਗਾ। ਇਸ ਉਪਰੰਤ, ਉਹ ਦੁਪਹਿਰ 01:30 ਵਜੇ ਸਰਕਾਰੀ ਕਾਲਜ, ਅਮਰਗੜ੍ਹ (ਮਾਲੇਰਕੋਟਲਾ) ਵਿਖੇ ਪਹੁੰਚਣਗੇ। ਇੱਥੇ ਦੁਪਹਿਰ 2:30 ਵਜੇ ਤੋਂ ਸ਼ਾਮ 04:00 ਵਜੇ ਤੱਕ ਦੂਸਰਾ “ਓਪਨ ਹਿਅਰਿੰਗ ਕੈਂਪ ਸਿੱਟਿੰਗ" ਲਗਾਇਆ ਜਾਵੇਗਾ, ਜਿਸ ਵਿੱਚ ਵੀ ਇਲਾਕੇ ਦੇ ਸਰਪੰਚ, ਮੋਹਤਬਰ ਵਿਅਕਤੀ, ਸਮਾਜ ਸੇਵੀ ਸੰਸਥਾਵਾਂ ਅਤੇ ਕੋਰ ਗਰੁੱਪ ਮੈਂਬਰ ਸ਼ਾਮਲ ਹੋਣਗੇ।
ਮੀਟਿੰਗਾਂ ਤੋਂ ਬਾਅਦ ਹੋਵੇਗੀ ਪ੍ਰੈੱਸ ਕਾਨਫਰੰਸ
ਸ੍ਰ ਕਲੇਰ ਨੇ ਦੱਸਿਆ ਕਿ ਇਹਨਾਂ ਦੋਵਾਂ ਅਹਿਮ ਮੀਟਿੰਗਾਂ ਅਤੇ ਕੈਂਪਾਂ ਦੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ, ਮਾਨਯੋਗ ਮੈਂਬਰ ਸ਼੍ਰੀ ਜਿਤੇਂਦਰ ਸਿੰਘ ਸ਼ੰਟੀ ਵੱਲੋਂ ਸ਼ਾਮ 04:15 ਵਜੇ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿੱਚ ਉਹ ਪੱਤਰਕਾਰਾਂ ਦੇ ਰੂ-ਬ-ਰੂ ਹੋ ਕੇ ਕੈਂਪਾਂ ਦੇ ਨਤੀਜਿਆਂ ਅਤੇ ਕਮਿਸ਼ਨ ਦੀਆਂ ਅਗਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨਗੇ।