ਪਟਿਆਲਾ : ਪੰਜਾਬ ਸਕੂਲ ਖੇਡਾਂ 2026-27 ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ਼੍ਰੀਮਤੀ ਸ਼ਾਲੂ ਮਹਿਰਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸਿੰਘ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀ ਦਲਜੀਤ ਸਿੰਘ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਸ਼੍ਰੀ ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਲਾਅਨ ਟੈਨਿਸ ਟੂਰਨਾਮੈਂਟ ਰੋਲੈਕਸ ਟੈਨਿਸ ਫਾਊਂਡੇਸ਼ਨ, ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਜ਼ੋਨਾਂ ਦੀਆਂ ਟੀਮਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਖੇਡ ਮੁਕਾਬਲੇ ਵਿੱਚ ਜ਼ੋਨ ਪਟਿਆਲਾ-2 ਦੀਆਂ ਟੀਮਾਂ ਨੇ ਲਾਅਨ ਟੈਨਿਸ ਕੋਚ ਸ਼੍ਰੀ ਗਗਨਦੀਪ ਸਿੰਘ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ੇਸ਼ ਪ੍ਰਾਪਤੀਆਂ ਹਾਸਲ ਕੀਤੀਆਂ। ਲੜਕਿਆਂ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲਿਆਂ ਦੌਰਾਨ ਅੰਡਰ-14 ਅਤੇ ਅੰਡਰ-19 ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤ ਕੇ ਜ਼ੋਨ ਦਾ ਨਾਮ ਰੌਸ਼ਨ ਕੀਤਾ। ਲੜਕੀਆਂ ਦੇ ਵਰਗ ਵਿੱਚ ਵੀ ਜ਼ੋਨ ਪਟਿਆਲਾ-2 ਦਾ ਦਬਦਬਾ ਰਿਹਾ। ਕੋਚ ਸ਼੍ਰੀ ਗਗਨਦੀਪ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਨੇ ਇਸ ਟੂਰਨਾਮੈਂਟ ਲਈ ਦਿਨ-ਰਾਤ ਸਖ਼ਤ ਮਿਹਨਤ ਕੀਤੀ ਸੀ, ਜਿਸ ਸਦਕਾ ਹੀ ਟੀਮਾਂ ਵੱਡੀ ਗਿਣਤੀ ਵਿੱਚ ਤਗਮੇ ਜਿੱਤਣ ਵਿੱਚ ਸਫ਼ਲ ਰਹੀਆਂ ਹਨ। ਜ਼ੋਨ ਪਟਿਆਲਾ-2 ਦੇ ਪ੍ਰਧਾਨ ਡਾ. ਰਜਨੀਸ਼ ਗੁਪਤਾ ਅਤੇ ਜ਼ੋਨਲ ਸਕੱਤਰ ਸ਼੍ਰੀ ਬਲਵਿੰਦਰ ਸਿੰਘ ਜੱਸਲ ਨੇ ਕੋਚ ਸ਼੍ਰੀ ਗਗਨਦੀਪ ਸਿੰਘ ਅਤੇ ਸਮੂਹ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਣ ਵਾਲੇ ਸੂਬਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।