ਅੰਮ੍ਰਿਤਸਰ : ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਓ. ਆਰ. ਐੱਸ. ਦਿਵਸ ਨੂੰ ਸਮਰਪਿਤ ਸਿਵਲ ਹਸਪਤਾਲ ਵਿਖੇ ‘ਇਕ ਸਧਾਰਨ ਹੱਲ, ਇਕ ਸਿਹਤਮੰਦ ਭਵਿੱਖ’ ਵਿਸ਼ੇ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਪ੍ਰੋਗਰਾਮ ਦਾ ਮਕਸਦ ਖਾਸ ਕਰਕੇ ਦਸਤਾਂ ਦੀ ਬਿਮਾਰੀ ਦੌਰਾਨ ਸਰੀਰ ’ਚ ਪਾਣੀ ਦੀ ਕਮੀ (ਡੀਹਾਈਡਰੇਸ਼ਨ) ਨੂੰ ਰੋਕਣ ਅਤੇ ਇਸ ਦੇ ਇਲਾਜ ’ਚ ਓਰਲ ਰੀਹਾਈਡਰੇਸ਼ਨ ਸਲਿਊਸ਼ਨ (ਓ. ਆਰ. ਐੱਸ.) ਦੀ ਮਹੱਤਤਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਸਬੰਧੀ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ’ਚ ਡਾ. ਵਿਜੇ ਕੁਮਾਰ, ਡਾ. ਜਸਕਰਨਜੋਤ ਕੌਰ, ਡਾ. ਨਰਿੰਦਰ ਕੁਮਾਰ, ਸ੍ਰੀਮਤੀ ਸਿਮਰਨ ਅਤੇ ਸ੍ਰੀਮਤੀ ਅਭਿਗੇਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਨਰਸਿੰਗ ਵਿਦਿਆਰਥੀਆਂ ਵੱਲੋਂ ਕਮਿਊਨਿਟੀ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਜਾਨਾਂ ਬਚਾਉਣ ਲਈ ਸਮੇਂ ਸਿਰ ਓ. ਆਰ. ਐੱਸ. ਦੀ ਵਰਤੋਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਸ ਮੌਕੇ ਜਾਗਰੂਕਤਾ ਨੂੰ ਹੋਰ ਵਧਾਉਣ ਲਈ ਮਰੀਜ਼ਾਂ ਅਤੇ ਆਮ ਲੋਕਾਂ ’ਚ ਓ. ਆਰ. ਐੱਸ. ਦੇ ਪੈਕਟ ਵੀ ਵੰਡੇ ਗਏ। ਇਸ ਤੋਂ ਇਲਾਵਾ ਸਿਹਤ ਸਿੱਖਿਆ ਸੈਸ਼ਨ ਕਰਵਾਏ ਗਏ, ਜਿਨ੍ਹਾਂ ’ਚ ਖਾਸ ਤੌਰ ’ਤੇ ਬੱਚਿਆਂ ਅਤੇ ਬਜ਼ੁਰਗਾਂ ’ਚ ਡੀਹਾਈਡਰੇਸ਼ਨ ਦੀ ਰੋਕਥਾਮ ਅਤੇ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸਮਾਗਮ ਦੇ ਅੰਤ ’ਚ ਧੰਨਵਾਦ ਕਰਦਿਆਂ ਸਾਰਿਆਂ ਨੂੰ ਸਿਹਤਮੰਦ ਆਦਤਾਂ ਅਪਨਾਉਣ ਅਤੇ ਸਮਾਜ ’ਚ ਓ. ਆਰ. ਐੱਸ. ਦੇ ਜੀਵਨ-ਰੱਖਿਅਕ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ ਗਿਆ।