ਅੰਮ੍ਰਿਤਸਰ : ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਹਲਕਾ ਉੱਤਰੀ ਵਿੱਚ ਕਰਵਾਇਆ ਗਿਆ ਅਕਸ਼ੈ ਸ਼ਰਮਾ ਦਾ ਰੱਖੜੀ ਮਹਾ-ਸੰਮੇਲਨ ਮਹਿਜ਼ ਭੈਣ-ਭਰਾ ਦੇ ਪਿਆਰ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਸ ਵਿੱਚ ਸਿਆਸਤ ਦੇ ਰੰਗ ਵੀ ਸਾਫ਼ ਨਜ਼ਰ ਆਏ। ਗੋਲਡਨ ਵਿਊ ਰਿਜ਼ੋਰਟ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਹਲਕਾ ਉੱਤਰੀ ਦੀਆਂ ਹਜ਼ਾਰਾਂ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰ ਪਹੁੰਚੇ। ਵੱਡੀ ਗਿਣਤੀ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਨੇ ਇਸ ਸਮਾਗਮ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡੇ ਸਿਆਸੀ ਸ਼ਕਤੀ ਪ੍ਰਦਰਸ਼ਨ ਵਜੋਂ ਚਰਚਾ ਵਿੱਚ ਲਿਆ ਦਿੱਤਾ। ਇਨ੍ਹਾਂ ਮਹਿਲਾਵਾਂ ਨੇ ਅਕਸ਼ੈ ਸ਼ਰਮਾ ਨੂੰ ਆਪਣਾ ਭਰਾ ਮੰਨਦੇ ਹੋਏ ਉਨ੍ਹਾਂ ਨੂੰ ਰੱਖੜੀ ਬੰਨ੍ਹੀ। ਦੱਸਿਆ ਗਿਆ ਕਿ ਅਕਸ਼ੈ ਸ਼ਰਮਾ ਲੰਬੇ ਸਮੇਂ ਤੋਂ ਇਨ੍ਹਾਂ ਪਰਿਵਾਰਾਂ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਦੀ ਮਦਦ ਕਰਦੇ ਆ ਰਹੇ ਹਨ। ਅਕਸ਼ੈ ਸ਼ਰਮਾ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਦੋ ਤਰ੍ਹਾਂ ਦੀਆਂ ਭਾਵਨਾਵਾਂ ਮਹਿਸੂਸ ਹੋ ਰਹੀਆਂ ਹਨ। ਖੁਸ਼ੀ ਇਸ ਗੱਲ ਦੀ ਹੈ ਕਿ ਹਜ਼ਾਰਾਂ ਭੈਣਾਂ ਨੇ ਉਨ੍ਹਾਂ ’ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਰੱਖੜੀ ਬੰਨ੍ਹੀ, ਪਰ ਦੂਜੇ ਪਾਸੇ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਅੱਜ ਵੀ ਹਲਕਾ ਉੱਤਰੀ ਵਿੱਚ ਕਈ ਪਰਿਵਾਰ ਰੋਟੀ ਅਤੇ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਸਿਆਸਤ ਕਰਨਾ ਨਹੀਂ, ਸਗੋਂ ਲੋਕਾਂ ਦੇ ਹਾਲਾਤ ਬਦਲਣਾ ਹੈ। ਉਨ੍ਹਾਂ ਦਾ ਸੁਪਨਾ ਹੈ ਕਿ 2027 ਤੋਂ ਬਾਅਦ ਹਲਕਾ ਉੱਤਰੀ ਦੀ ਤਸਵੀਰ ਅਜਿਹੀ ਬਦਲੇ, ਜਿੱਥੇ ਲੋਕ ਮਜਬੂਰ ਨਹੀਂ, ਸਗੋਂ ਮਜ਼ਬੂਤ ਹੋਣ। ਅਕਸ਼ੈ ਸ਼ਰਮਾ ਨੇ ਕਿਹਾ ਕਿ ਉਹ ਸਿਰਫ਼ ਚੋਣਾਂ ਦੇ ਸਮੇਂ ਲੋਕਾਂ ਵਿਚਕਾਰ ਨਜ਼ਰ ਆਉਣ ਵਾਲੇ ਆਗੂ ਨਹੀਂ ਬਣਨਾ ਚਾਹੁੰਦੇ। ਉਨ੍ਹਾਂ ਦਾ ਯਤਨ ਹੈ ਕਿ ਲੋਕਾਂ ਨਾਲ ਉਨ੍ਹਾਂ ਦਾ ਰਿਸ਼ਤਾ ਚੋਣਾਂ ਤੋਂ ਬਾਅਦ ਵੀ ਇਸੇ ਤਰ੍ਹਾਂ ਕਾਇਮ ਰਹੇ। ਉਨ੍ਹਾਂ ਕਿਹਾ ਕਿ ਅੱਜ ਉਹ ਭੈਣਾਂ ਤੋਂ ਸਿਰਫ਼ ਰੱਖੜੀ ਦਾ ਧਾਗਾ ਹੀ ਨਹੀਂ, ਸਗੋਂ ਉਨ੍ਹਾਂ ਦਾ ਭਰੋਸਾ ਅਤੇ ਆਸ਼ੀਰਵਾਦ ਲੈ ਕੇ ਅੱਗੇ ਵਧ ਰਹੇ ਹਨ।