ਮੋਹਾਲੀ : ਮੌਸਮੀ ਫ਼ਲੂ ਅਤੇ ਸਵਾਈਨ ਫ਼ਲੂ ਤੋਂ ਬਚਾਅ ਲਈ ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਪ੍ਰੋਗਰਾਮ ਅਫ਼ਸਰ ਡਾ. ਹਰਮਨਦੀਪ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਸਾਵਧਾਨੀਆਂ ਵਰਤਣ ਅਤੇ ਸਿਹਤ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਸਵਾਈਨ ਫ਼ਲੂ ਇਨਫਲੂਐਂਜ਼ਾ ਵਾਇਰਸ ਕਾਰਨ ਹੋਣ ਵਾਲੀ ਸਾਹ ਪ੍ਰਣਾਲੀ ਦੀ ਛੂਤ ਦੀ ਬਿਮਾਰੀ ਹੈ। H1N1 ਇਸ ਵਾਇਰਸ ਦਾ ਪ੍ਰਮੁੱਖ ਰੂਪ ਹੈ। ਇਹ ਮੁੱਖ ਤੌਰ ’ਤੇ ਖੰਘਣ, ਛਿੱਕਣ ਜਾਂ ਗੱਲ ਕਰਨ ਸਮੇਂ ਨਿਕਲਣ ਵਾਲੀਆਂ ਸਾਹ ਦੀਆਂ ਬੂੰਦਾਂ ਰਾਹੀਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਫੈਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਪਛਾਣ ਅਤੇ ਢੁਕਵੇਂ ਇਲਾਜ ਨਾਲ ਜ਼ਿਆਦਾਤਰ ਮਰੀਜ਼ ਠੀਕ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਵਾਈਨ ਫ਼ਲੂ/ਇਨਫਲੂਐਂਜ਼ਾ ਦੇ ਮੁੱਖ ਲੱਛਣਾਂ ਵਿੱਚ ਬੁਖਾਰ, ਖੰਘ, ਗਲੇ ਵਿੱਚ ਦਰਦ, ਨੱਕ ਵਗਣਾ ਜਾਂ ਬੰਦ ਹੋਣਾ, ਸਿਰ ਦਰਦ, ਸਰੀਰ ਵਿੱਚ ਦਰਦ ਅਤੇ ਥਕਾਵਟ ਸ਼ਾਮਲ ਹਨ। ਅਜਿਹੇ ਲੱਛਣ ਨਜ਼ਰ ਆਉਣ ’ਤੇ ਘਬਰਾਉਣ ਦੀ ਬਜਾਏ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਵਾਈਨ ਫ਼ਲੂ ਤੋਂ ਘਬਰਾਉਣ ਦੀ ਲੋੜ ਨਹੀਂ, ਪਰ ਸਮੇਂ ਸਿਰ ਪਛਾਣ, ਸਾਵਧਾਨੀ ਅਤੇ ਡਾਕਟਰੀ ਸਲਾਹ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਇਸ ਬੀਮਾਰੀ ਦੀ ਜਾਂਚ ਅਤੇ ਇਲਾਜ ਮੁਫ਼ਤ ਹੈ l ਵਧੇਰੇ ਜਾਣਕਾਰੀ ਲਈ ਮੈਡੀਕਲ ਹੈਲਪਲਾਈਨ 104 ਤੇ ਸੰਪਰਕ ਕੀਤਾ ਜਾ ਸਕਦਾ ਹੈ l