ਸੁਨਾਮ ਸੈਂਟਰ 'ਚ ਕੋਚ ਜਸਪਾਲ ਥਿੰਦ ਤੋਂ ਲਈ ਟ੍ਰੇਨਿੰਗ
ਨੌਜਵਾਨ ਪੀੜ੍ਹੀ ਨੂੰ ਹਰਜਿੰਦਰ ਦੀ ਖੇਡ ਤੋਂ ਸੇਧ ਲੈਣ ਦੀ ਲੋੜ : ਢੀਂਡਸਾ
ਸੁਨਾਮ : ਕਾਮਨਵੇਲਥ ਖੇਡਾਂ ਦੇ 69 ਕਿਲੋ ਭਾਰ ਵਰਗ ਵੇਟ ਲਿਫਟਿੰਗ ਮੁਕਾਬਲੇ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜੇਤੂ ਖਿਡਾਰਨ ਹਰਜਿੰਦਰ ਕੌਰ ਨੂੰ ਸੁਨਾਮ ਵੇਟ ਲਿਫਟਿੰਗ ਟ੍ਰੇਨਿੰਗ ਸੈਂਟਰ ਵਿਖੇ ਕੋਚ ਜਸਪਾਲ ਸਿੰਘ ਥਿੰਦ ਦੀ ਅਗਵਾਈ ਹੇਠ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਦੌਰਾਨ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਸਪੁੱਤਰ ਉਲੰਪੀਅਨ ਅਰਜਨ ਐਵਾਰਡੀ ਅਸੋ਼ੋਕ ਧਿਆਨ ਚੰਦ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਨੌਜ਼ਵਾਨ ਅਕਾਲੀ ਆਗੂ ਅਮਨਬੀਰ ਸਿੰਘ ਚੈਰੀ, ਮਲਕੀਤ ਸਿੰਘ ਚੰਗਾਲ, ਪ੍ਰਿਤਪਾਲ ਸਿੰਘ ਹਾਂਡਾ, ਰਿਪੁਦਮਨ ਸਿੰਘ ਢਿੱਲੋਂ, ਕੌਂਸਲਰ ਵਿਜੇ ਲੰਕੇਸ਼, ਗੁਰਚਰਨ ਸਿੰਘ ਧਾਲੀਵਾਲ, ਕੰਵਰਜੀਤ ਸਿੰਘ ਲੱਕੀ ਧਾਲੀਵਾਲ, ਮਨਦੀਪ ਸਿੰਘ ਸਮੇਤ ਹੋਰਨਾਂ ਸੰਸਥਾਵਾਂ ਵੱਲੋਂ ਵੀ ਹਰਜਿੰਦਰ ਕੌਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬੋਲਦਿਆਂ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਵੇਟ ਲਿਫਟਰ ਹਰਜਿੰਦਰ ਕੌਰ ਦੀ ਸ਼ਾਨਦਾਰ ਪ੍ਰਾਪਤੀ ਉਨ੍ਹਾਂ ਦੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਦੀ ਮਿਸਾਲ ਹੈ। ਨੌਜਵਾਨ ਪੀੜ੍ਹੀ ਨੂੰ ਹਰਜਿੰਦਰ ਦੀ ਖੇਡ ਤੋਂ ਸੇਧ ਲੈਣ ਦੀ ਲੋੜ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਕੋਚ ਜਸਪਾਲ ਸਿੰਘ ਥਿੰਦ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਣਥੱਕ ਮਿਹਨਤ ਤੇ ਸਮਰਪਣ ਭਾਵਨਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਹਰਜਿੰਦਰ ਕੌਰ ਦੇ ਪਿੰਡ ਤੋਂ ਵਧੇਰੇ ਖੁਸ਼ੀ ਸੁਨਾਮ ਇਲਾਕੇ ਦੇ ਲੋਕਾਂ ਨੂੰ ਹੋ ਰਹੀ ਹੈ।ਇਸ ਮੌਕੇ ਅਕਾਲੀ ਆਗੂ ਕੁਲਦੀਪ ਸਿੰਘ ਬੁਗਰਾ, ਸੋਮ ਸਿੰਘ, ਮਾਸਟਰ ਦਲਜੀਤ ਸਿੰਘ, ਕੇਸਰ ਸਿੰਘ ਢੋਟ, ਅਜੈਬ ਸਿੰਘ ਸੱਗੂ, ਕੋਚ ਸੁਨੀਲ ਵਰਮਾ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜਰ ਸਨ।