ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਪ੍ਰਬੰਧਕੀ ਕੰਮਕਾਜ ਵਿੱਚ ਮੁਕੰਮਲ ਪਾਰਦਰਸ਼ਤਾ, ਜਵਾਬਦੇਹੀ ਅਤੇ ਸਰਕਾਰੀ ਸਾਧਨਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਮੇਅਰ ਕੁੰਦਨ ਗੋਗੀਆ ਵੱਲੋਂ ਅੱਜ ਨਗਰ ਨਿਗਮ ਦੇ ਵੱਖ-ਵੱਖ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸਟੋਰਾਂ ਵਿੱਚ ਮੌਜੂਦ ਬਿਜਲੀ ਨਾਲ ਸਬੰਧਤ ਸਮਾਨ, ਸਟਰੀਟ ਲਾਈਟਾਂ ਦੇ ਉਪਕਰਨਾਂ ਅਤੇ ਹੋਰ ਮਹੱਤਵਪੂਰਨ ਨਿਗਮ ਸਮੱਗਰੀ ਦਾ ਜਾਇਜ਼ਾ ਲਿਆ। ਚੈਕਿੰਗ ਦੌਰਾਨ ਮੇਅਰ ਨੇ ਮੌਕੇ 'ਤੇ ਮੌਜੂਦ ਸਟਾਕ ਰਜਿਸਟਰਾਂ ਦੀ ਪੜਤਾਲ ਕੀਤੀ ਅਤੇ ਅਸਲ ਸਟਾਕ ਨਾਲ ਉਨ੍ਹਾਂ ਦਾ ਮਿਲਾਨ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਸਮੱਗਰੀ ਦੀ ਵੰਡ ਅਤੇ ਵਰਤੋਂ ਸਿਰਫ਼ ਨਿਯਮਾਂ ਅਨੁਸਾਰ ਹੀ ਹੋਣੀ ਚਾਹੀਦੀ ਹੈ। ਮੇਅਰ ਨੇ ਕਿਹਾ ਕਿ ਸਰਕਾਰੀ ਸਮਾਨ ਦੀ ਸਾਂਭ-ਸੰਭਾਲ ਵਿੱਚ ਕਿਸੇ ਵੀ ਪੱਧਰ 'ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਬੰਧਕੀ ਢਾਂਚੇ ਨੂੰ ਚੁਸਤ-ਦਰੁਸਤ ਰੱਖਣ ਅਤੇ ਸਰਕਾਰੀ ਫ਼ੰਡਾਂ ਦੀ ਪਾਈ-ਪਾਈ ਦੀ ਜਵਾਬਦੇਹੀ ਤੈਅ ਕਰਨ ਲਈ ਭਵਿੱਖ ਵਿੱਚ ਵੀ ਵੱਖ-ਵੱਖ ਸ਼ਾਖਾਵਾਂ ਅਤੇ ਸਟੋਰਾਂ ਦੀ ਅਜਿਹੀ ਅਚਨਚੇਤ ਚੈਕਿੰਗ ਲਗਾਤਾਰ ਜਾਰੀ ਰਹੇਗੀ।