ਸੁਨਾਮ : ਕ੍ਰਿਕਟ ਐਸੋਸੀਏਸ਼ਨ ਤੋਂ ਮਾਨਤਾ ਦਿਵਾਉਣ ਦੇ ਨਾਂਅ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਖਿਲਾਫ ਥਾਣਾ ਸ਼ਹਿਰੀ ਸੁਨਾਮ ਦੀ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ। ਸੁਨਾਮ ਸ਼ਹਿਰ ਦੇ ਇੱਕ ਕ੍ਰਿਕਟ ਅਕੈਡਮੀ ਦੇ ਮਾਲਕਾਂ ਨੇ ਉਕਤ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਜ਼ਿਲ੍ਹਾ ਸੰਗਰੂਰ ਦੇ ਐਸ ਐਸ ਪੀ ਨੂੰ ਸ਼ਿਕਾਇਤ ਕੀਤੀ ਸੀ। ਵਿਕਟ ਜੋਨ ਕ੍ਰਿਕਟ ਅਕੈਡਮੀ ਸੁਨਾਮ ਦੇ ਮਾਲਕ ਰਾਜੇਸ਼ ਕੁਮਾਰ ਸ਼ਰਮਾ ਅਤੇ ਅਸ਼ਵਨੀ ਟੱਕਰ ਨੇ ਮਾਮਲੇ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਸੁਨਾਮ ਦੇ ਬੀ ਡੀ ਪੀ ਓ ਦਫਤਰ ਨੇੜੇ ਇਕ ਛੋਟੀ ਜਿਹੀ ਕ੍ਰਿਕਟ ਅਕੈਡਮੀ ਚਲਾਉਂਦੇ ਸਨ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਸੰਗਰੂਰ ਦੇ ਵਿੱਕੀ ਸ਼ਰਮਾ ਨਾਲ ਹੋਈ। ਜਿਸ ਨੂੰ ਉਨ੍ਹਾਂ ਨੇ ਆਪਣੀ ਅਕੈਡਮੀ ਦਾ ਕੋਚ ਰੱਖ ਲਿਆ। ਉਕਤ ਵਿੱਕੀ ਸ਼ਰਮਾ ਨੇ ਉਨ੍ਹਾਂ ਨੂੰ ਆਪਣੇ ਝਾਂਸੇ ਵਿਚ ਲੈਂਦਿਆਂ ਕਿਹਾ ਕਿ ਜੇਕਰ ਉਹ ਇਸ ਅਕੈਡਮੀ ਨੂੰ ਵੱਡੀ ਪੱਧਰ ਤੇ ਚਲਾਉਣ ਤਾਂ ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਤੋਂ ਉਨ੍ਹਾਂ ਦੇ ਕ੍ਰਿਕਟ ਗਰਾਊਂਡ ਨੂੰ ਮਾਨਤਾ ਦਿਵਾ ਸਕਦੇ ਹਨ ਕਿਉਂਕਿ ਪੀ ਸੀ ਏ ਦੇ ਅਧਿਕਾਰੀਆਂ ਅਤੇ ਅਫਸਰਾਂ ਨਾਲ ਉਸ ਦੇ ਨੇੜਲੇ ਸਬੰਧ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਹ ਸਾਡੇ ਕੋਲੋਂ 17,09,510 ਰੁਪਏ ਵੱਖ-ਵੱਖ ਸਮੇ ਤੇ ਨਗਦ ਅਤੇ ਬੈਂਕ ਖਾਤਿਆਂ ਰਾਹੀਂ ਲੈ ਗਿਆ ਜਦੋਂ ਕਿ ਆਪਣੀ ਕੋਚ ਵਜੋਂ ਤਨਖਾਹ ਵੱਖਰੇ ਤੌਰ ਤੇ ਲਿਜਾਂਦਾ ਰਿਹਾ।ਆਖਰਕਾਰ ਪ੍ਰੇਸ਼ਾਨ ਹੋਕੇ ਜਦੋਂ ਅਸੀਂ ਵਿੱਕੀ ਸ਼ਰਮਾ ਤੋਂ ਪੈਸੇ ਮੰਗੇ ਤਾਂ ਉਕਤ ਵਿੱਕੀ ਸ਼ਰਮਾ ਵਲੋਂ ਸਾਡੇ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਥਾਣਾ ਸਿਟੀ ਸੁਨਾਮ ਦੀ ਪੁਲਿਸ ਨੇ ਉਕਤ ਮਾਮਲੇ ਦੀ ਪੜ੍ਹਤਾਲ ਉਪਰੰਤ ਸੰਗਰੂਰ ਦੇ ਰਹਿਣ ਵਾਲੇ ਵਿੱਕੀ ਸ਼ਰਮਾ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।