ਸੁਨਾਮ : ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਨਿੱਤ ਵਰਤੋਂ ਦੀਆਂ ਵਸਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਆਖਿਆ ਕਿ ਚੀਨੀ ਗੁੜ ਅਤੇ ਸ਼ੱਕਰ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ , ਅਜਿਹੇ ਹਾਲਾਤਾਂ ਨੇ ਆਉਣ ਵਾਲੇ ਤਿਉਹਾਰਾਂ ਦੌਰਾਨ ਮਿਠਾਈਆਂ ਵਿੱਚੋਂ ਮਿਠਾਸ ਹੀ ਖਤਮ ਕਰ ਦਿੱਤੀ ਹੈ।ਰੋਜਾਨਾ ਘਰਾਂ ਵਿੱਚ ਵਰਤੇ ਜਾਣ ਵਾਲਾ ਖ਼ਾਦ ਪਦਾਰਥ ਤੇਲ, ਦਾਲਾਂ ਅਤੇ ਮਸਾਲਿਆਂ ਦੇ ਰੇਟਾਂ ਵਿੱਚ ਵਾਧਾ ਮਹਿੰਗਾਈ ਦੀ ਦਰ ਨੂੰ ਸਿਖਰਾਂ ਤੇ ਲੈ ਜਾਣਗੇ। ਬੁੱਧਵਾਰ ਨੂੰ ਸੁਨਾਮ ਵਿਖੇ ਗੱਲਬਾਤ ਕਰਦਿਆਂ ਕਾਂਗਰਸ ਆਗੂ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਆਖਿਆ ਕਿ ਨਿੱਤ ਵਰਤੋਂ ਦੀਆਂ ਖਾਣ ਪੀਣ ਦੀਆਂ ਵਸਤਾਂ ਦੇ ਮੁੱਲ ਵਿੱਚ ਹੋ ਰਹੇ ਵਾਧੇ ਨੂੰ ਲੈਕੇ ਕੇਂਦਰ ਅਤੇ ਸੂਬਾ ਸਰਕਾਰ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ। ਉਨ੍ਹਾਂ ਆਖਿਆ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਪਿਛਲੇ 11 ਸਾਲਾਂ ਤੋਂ ਰਾਜ ਕਰ ਰਹੀ ਹੈ। ਇਹਨਾਂ ਨੇ ਮਹਿੰਗਾਈ ਦੀ ਦਰ ਉੱਤੇ ਕੰਟਰੋਲ ਤਾਂ ਕੀ ਕਰਨਾ ਸੀ ਰੋਜਾਨਾ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਦੀ ਮਹਿੰਗਾਈ ਦਰ ਬਹੁਤ ਵਧਾ ਦਿੱਤੀ ਗਈ ਹੈ। ਨੌਜਵਾਨ ਕਾਂਗਰਸੀ ਆਗੂ ਨੇ ਕਿਹਾ ਕਿ ਵੱਧ ਰਹੀ ਮਹਿੰਗਾਈ ਦਰ ਨੂੰ ਦੇਖਕੇ ਕਾਂਗਰਸ ਪਾਰਟ ਰੋਸ਼ ਪ੍ਰਦਰਸ਼ਨ ਕਰੇਗੀ।