ਮੋਗਾ : ਅੱਜ ਸੰਨੀ ਟਾਵਰ ਮੋਗਾ ਦੇ ਸਥਾਨ ਤੇ ਜ਼ਿਲ੍ਹਾ ਸ੍ਰੋਮਣੀ ਅਕਾਲੀ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਨੂੰ ਲੈਕੇ ਹੋਈ। ਇਸ ਮੌਕੇ ਤੇ ਪ੍ਰੈਸ ਕਾਨਫਰੰਸ ਦੌਰਾਨ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਜੋ ਹਮਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੀਤਾ ਗਿਆ ਹੈ, ਉਹ ਕਾਇਰਤਾ ਭਰਿਆ ਕਾਰਨਾਮਾ ਹੈ ਅਤੇ ਇਸ ਘਿਨਾਉਣੀ ਹਰਕਤ ਦੀ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਜੰਮ ਕੇ ਨਿੰਦਿਆ ਕਰਦਾ ਹੈ ਅਤੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਨਾਲ ਚਟਾਨ ਵਾਂਗ ਖੜ੍ਹੀ ਹੈ। ਇਸ ਲਈ ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਾਲੀ ਘਟਨਾ ਦੀ ਐਨ ਆਈ ਏ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਪਿੱਛੇ ਕਿਸ ਦਾ ਹੱਥ ਹੈ ਅਤੇ ਲਗਦਾ ਹੈ ਕਿ ਇਸ ਘਟਨਾ ਪਿੱਛੇ ਉਨ੍ਹਾਂ ਲੋਕਾਂ ਦਾ ਹੱਥ ਹੈ ਜਿੰਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਦੀ ਹਰਮਨਪਿਆਰਤਾ ਅਤੇ ਚੜ੍ਹਤ ਬਰਦਾਸ਼ਤ ਨਹੀਂ ਹੋ ਰਹੀ। ਜਥੇਦਾਰ ਮਾਹਲਾ ਨੇ ਕਿਹਾ ਕਿ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਜਿੰਨੀਆਂ ਵੀ ਚਾਲਾਂ ਚੱਲ ਲੈਣ ਪਰ ਉਹ ਸਫਲ ਨਹੀਂ ਹੋਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਪਹਿਲਾਂ ਵੀ ਚੜ੍ਹਦੀ ਕਲਾ ਵਿੱਚ ਸੀ ਤੇ ਹੁਣ ਵੀ ਚੜ੍ਹਦੀ ਕਲਾ ਵਿੱਚ ਹੈ ਅਤੇ ਇਹ ਵੀ ਤਹਿ ਹੈ ਕਿ ਸਾਲ 2027 ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਏਗਾ ਅਤੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਆਗੂ ਗੁਰਵੀਰ ਸਿੰਘ ਲਵਲੀ ਦੁੱਨੇਕੇ, ਸੁੱਖ ਗਿੱਲ,ਸਰਬਜੀਤ ਸਿੰਘ ਬਘੇਲਾ, ਦਵਿੰਦਰ ਸ਼ਰਮਾ ਤੇ ਪ੍ਰਵੀਨ ਕੁਮਾਰ ਸ਼ਰਮਾ ਹਾਜ਼ਰ ਸਨ।