ਨਵਾਂਸ਼ਹਿਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 15 ਅਗਸਤ ਨੂੰ ਮਨਾਏ ਜਾ ਰਹੇ ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਆਈ.ਟੀ.ਆਈ ਗਰਾਊਂਡ ਨਵਾਂਸ਼ਹਿਰ ਵਿਖੇ ਰਿਹਰਸਲ ਕਰਵਾਈ ਗਈ। ਜਿਸ ਦਾ ਵਧੀਕ ਡਿਪਟੀ ਕਮਿਸ਼ਨਰ (ਪੇਂ.ਵਿਕਾਸ) ਅਵਨੀਤ ਕੌਰ ਅਤੇ ਸਹਾਇਕ ਕਮਿਸ਼ਨਰ ਜਨਰਲ ਰਮਨਜੀਤ ਨੇ ਜਾਇਜ਼ਾ ਲਿਆ। ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਜ) ਸੰਜੀਵ ਸ਼ਰਮਾ ਨੇ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਕਰਕੇ ਢੁਕਵੇਂ ਨਿਰਦੇਸ਼ ਜਾਰੀ ਕੀਤੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਿਹਰਸਲ ਦੌਰਾਨ ਪੰਜਾਬ ਪੁਲਿਸ ਅਤੇ ਵੱਖ-ਵੱਖ ਸਕੂਲਾਂ ਦੀਆਂ ਟੁੱਕੜੀਆਂ ਵੱਲੋਂ ਮਾਰਚ ਪਾਸਟ ਦੀ ਰਿਹਰਸਲ ਕੀਤੀ ਗਈ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਪੇਸ਼ਕਾਰੀਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਵੀ ਰਿਹਰਸਲ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਸਮਾਗਮ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਲਈ ਰਿਹਰਸਲਾਂ ਦਾ ਸਿਲਸਿਲਾ ਜਾਰੀ ਰਹੇਗਾ ਅਤੇ 13 ਅਗਸਤ ਨੂੰ ਫੁੱਲ ਡਰੈੱਸ ਰਿਹਰਸਲ ਕਰਵਾਈ ਜਾਵੇਗੀ। ਫੁੱਲ ਡਰੈੱਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਜਾਇਜ਼ਾ ਲਿਆ ਜਾਵੇਗਾ ਅਤੇ ਸਮਾਗਮ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਵੱਲੋ ਮੀਟਿੰਗ ਦੌਰਾਨ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੌਪੀ ਗਈ ਜਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ ਗਈ।