ਤਾਸ਼-ਮਾਖਣਪੁਰ-ਕੋਹਲਿਆ ਮੁੱਖ ਮਾਰਗ ਦੀ ਚੌੜਾਈ 10 ਤੋਂ ਵਧਾ ਕੇ 18 ਫੁੱਟ ਕੀਤੀ ਜਾ ਰਹੀ : ਕਟਾਰੂਚੱਕ
ਸੜਕ ਦਾ ਨਿਰਮਾਣ ਮਿਆਰੀ ਸਮੱਗਰੀ ਨਾਲ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨ ਦੀਆਂ ਹਦਾਇਤਾਂ
ਪਠਾਨਕੋਟ : ਹਿੰਦ-ਪਾਕਿਸਤਾਨ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਚੱਲ ਰਹੇ ਵਿਸ਼ੇਸ਼ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਕਟਾਰੂਚੱਕ ਵੱਲੋਂ ਅੱਜ ਮਾਖਣਪੁਰ ਅਤੇ ਤਾਸ਼ ਖੇਤਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਤਾਸ਼ ਤੋਂ ਮਾਖਣਪੁਰ ਅਤੇ ਮਾਖਣਪੁਰ ਤੋਂ ਕੋਹਲਿਆ ਅੱਡੇ ਤੱਕ ਬਣਾਏ ਜਾ ਰਹੇ ਮੁੱਖ ਮਾਰਗ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਮੌਕੇ ’ਤੇ ਪਹੁੰਚ ਕੇ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਤੇ ਸਬੰਧਤ ਠੇਕੇਦਾਰ ਤੋਂ ਕੰਮ ਦੀ ਪ੍ਰਗਤੀ ਸਬੰਧੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਭੋਆ ਵਿੱਚ ਸੜਕਾਂ ਦੇ ਨਿਰਮਾਣ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਤਾਸ਼ ਤੋਂ ਮਾਖਣਪੁਰ ਅਤੇ ਮਾਖਣਪੁਰ ਤੋਂ ਕੋਹਲਿਆ ਅੱਡੇ ਤੱਕ ਬਣਾਏ ਜਾ ਰਹੇ ਮੁੱਖ ਮਾਰਗ ਦੀ ਚੌੜਾਈ ਪਹਿਲਾਂ ਕਰੀਬ 10 ਫੁੱਟ ਸੀ, ਜਿਸ ਨੂੰ ਹੁਣ ਵਧਾ ਕੇ 18 ਫੁੱਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨਿਰਮਾਣ ਕਾਰਜ ਕਰ ਰਹੇ ਠੇਕੇਦਾਰ ਨੂੰ ਹਿਦਾਇਤ ਕੀਤੀ ਕਿ ਸੜਕ ਦਾ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ ਅਤੇ ਨਿਰਮਾਣ ਦੌਰਾਨ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਪੰਚ ਮਾਖਣਪੁਰ ਮੰਗਾ, ਸਰਪੰਚ ਡੇਰਾ ਬਸਤੀ ਮਾਖਣਪੁਰ ਗੁਰਮੇਜ ਸਿੰਘ, ਸੂਬੇਦਾਰ ਸੋਹਣ ਮਾਖਣਪੁਰ, ਅਮਰੀਕ ਸਿੰਘ, ਲਵਲੀ ਮੰਜ਼ੀਰੀ ਤੋਂ ਇਲਾਵਾ ਸਥਾਨਕ ਵਸਨੀਕ ਵੀ ਹਾਜ਼ਰ ਸਨ।