ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਭਾਰਤੀ ਸੈਨਾ ਦੇ ਪ੍ਰਮੁੱਖ ਜਨਰਲ ਧੀਰਜ ਸੇਠ, ਪੀ.ਵੀ.ਐਸ.ਐਮ., ਯੂ.ਵਾਈ.ਐਸ.ਐਮ., ਏ.ਵੀ.ਐਸ.ਐਮ. ਨੇ ਅੱਜ ਉਨ੍ਹਾਂ ਦੇ ਆਵਾਸ ਸੰਤ ਕਬੀਰ ਕੁਟੀਰ ਵਿਖੇ ਮੁਲਾਕਾਤ ਕੀਤੀ। ਮੀਟਿੰਗ ਵਿੱਚ ਸਿਵਲ-ਮਿਲਟਰੀ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਸੁਰੱਖਿਆ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ।
ਇਸ ਮੌਕੇ ਪੱਛਮੀ ਕਮਾਨ ਦੇ ਸੈਨਾ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ, ਏ.ਵੀ.ਐਸ.ਐਮ., ਐਸ.ਐਮ. ਸਮੇਤ ਸੈਨਾ ਮੁੱਖ ਦਫ਼ਤਰ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਜਨਰਲ ਧੀਰਜ ਸੇਠ ਵੱਲੋਂ ਭਾਰਤੀ ਸੈਨਾ ਦੇ ਪ੍ਰਮੁੱਖ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਨਾਲ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੀ। ਮੀਟਿੰਗ ਦਾ ਤਾਲਮੇਲ ਕਰਨਲ ਜਸਦੀਪ ਸੰਧੂ, ਸਲਾਹਕਾਰ, ਸਿਵਲ-ਮਿਲਟਰੀ ਅਫੇਅਰਜ਼ ਐਂਡ ਆਈ.ਟੀ. ਵੱਲੋਂ ਕੀਤਾ ਗਿਆ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦਾ ਹਥਿਆਰਬੰਦ ਬਲਾਂ ਨਾਲ ਲੰਬੇ ਸਮੇਂ ਤੋਂ ਡੂੰਘਾ ਸਬੰਧ ਹੈ ਅਤੇ ਰਾਜ ਸਰਕਾਰ ਸੇਵਾਮੁਕਤ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਅਤੇ ਹੋਰ ਮੌਕੇ ਸ੍ਰਿਜਨ ਕਰਨ ਦੀ ਦਿਸ਼ਾ ਵਿੱਚ ਰਾਜ ਸਰਕਾਰ ਅਤੇ ਹਥਿਆਰਬੰਦ ਬਲਾਂ ਵਿਚਕਾਰ ਲਗਾਤਾਰ ਤਾਲਮੇਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਮੀਟਿੰਗ ਵਿੱਚ ਅੰਦਰੂਨੀ ਸੁਰੱਖਿਆ, ਨੌਜਵਾਨਾਂ ਦੇ ਸਸ਼ਕਤੀਕਰਨ, ਅਗਨੀਵੀਰਾਂ ਲਈ ਰੁਜ਼ਗਾਰ ਦੇ ਮੌਕੇ, ਸਾਬਕਾ ਸੈਨਿਕਾਂ ਦੀ ਭਲਾਈ, ਰਿਹਾਇਸ਼ੀ ਪ੍ਰੋਜੈਕਟਾਂ, ਆਤਮਨਿਰਭਰਤਾ ਦੀ ਦਿਸ਼ਾ ਵਿੱਚ ਪਹਿਲਕਦਮੀਆਂ ਅਤੇ ਸੰਚਾਲਨ ਤਿਆਰੀਆਂ ਸਮੇਤ ਵੱਖ-ਵੱਖ ਮਹੱਤਵਪੂਰਨ ਮੁੱਦਿਆਂ 'ਤੇ ਵਿਆਪਕ ਚਰਚਾ ਹੋਈ। ਕੁਦਰਤੀ ਆਫ਼ਤਾਂ ਦੌਰਾਨ ਤਿਆਰੀਆਂ ਅਤੇ ਪ੍ਰਭਾਵੀ ਪ੍ਰਤੀਕਿਰਿਆ ਅਤੇ ਇਨ੍ਹਾਂ ਦੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨ ਦੇ ਉਪਾਵਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਭਾਰਤੀ ਸੈਨਾ ਵਿੱਚ ਸੇਵਾ ਨਿਭਾ ਰਹੇ ਹਰਿਆਣਾ ਦੇ ਖਿਡਾਰੀਆਂ ਵੱਲੋਂ ਖੇਡਾਂ ਦੇ ਖੇਤਰ ਵਿੱਚ ਕੀਤੇ ਜਾ ਰਹੇ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ ਗਈ।
ਜਨਰਲ ਧੀਰਜ ਸੇਠ ਨੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਹਰਿਆਣਾ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਸਾਬਕਾ ਸੈਨਿਕਾਂ ਦੇ ਸੇਵਾਮੁਕਤੀ ਤੋਂ ਬਾਅਦ ਪੁਨਰਵਾਸ ਅਤੇ ਸਥਾਈ ਬਸੇਬੇ ਲਈ ਨਵੇਂ ਮੌਕੇ ਤਲਾਸ਼ਣ 'ਤੇ ਵੀ ਚਰਚਾ ਕੀਤੀ।