ਬਲਾਚੌਰ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵਧੀਆ ਅਤੇ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਲਗਾਤਾਰ ਜਾਰੀ ਮੁਹਿੰਮ ਤਹਿਤ, ਵਿਧਾਨ ਸਭਾ ਹਲਕਾ ਬਲਾਚੌਰ ਅਧੀਨ ਪੈਂਦੇ ਪਿੰਡ ਗੜ੍ਹੀ ਕਾਨੂੰਗੋ ਵਿਖੇ ਨਵੇਂ ਬਣੇ 'ਆਮ ਆਦਮੀ ਕਲੀਨਿਕ' ਦਾ ਉਦਘਾਟਨ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਵੱਲੋਂ ਕੀਤਾ ਗਿਆ।
ਇਸ ਉਦਘਾਟਨੀ ਸਮਾਰੋਹ ਦੌਰਾਨ ਇਲਾਕਾ ਵਾਸੀਆਂ ਨੂੰ ਵਧਾਈ ਦਿੰਦਿਆਂ ਵਿਧਾਇਕ ਸੰਤੋਸ਼ ਕਟਾਰੀਆ ਨੇ ਕਿਹਾ ਕਿ ਇਹ ਮੁਹੱਲਾ ਕਲੀਨਿਕ ਸਥਾਨਕ ਲੋਕਾਂ ਨੂੰ ਆਪਣੇ ਪਿੰਡ ਦੇ ਨੇੜੇ ਹੀ ਬਿਹਤਰ, ਮਿਆਰੀ ਅਤੇ ਬਿਲਕੁਲ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਹੁਣ ਇਲਾਕੇ ਦੇ ਲੋਕਾਂ ਨੂੰ ਮਾਮੂਲੀ ਬੀਮਾਰੀਆਂ ਦੇ ਇਲਾਜ ਅਤੇ ਡਾਕਟਰੀ ਟੈਸਟਾਂ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ। ਉਨ੍ਹਾਂ ਅੱਗੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਹ ਪ੍ਰਮੁੱਖ ਵਚਨਬੱਧਤਾ ਹੈ ਕਿ ਹਰ ਆਮ ਨਾਗਰਿਕ ਤੱਕ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਪਹੁੰਚਾਈਆਂ ਜਾਣ। ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਸੁਧਾਰ ਕੀਤੇ ਜਾ ਰਹੇ ਹਨ ਤਾਂ ਜੋ ਹਰ ਵਰਗ ਨੂੰ ਇਨ੍ਹਾਂ ਬੁਨਿਆਦੀ ਸੁਵਿਧਾਵਾਂ ਦਾ ਪੂਰਾ ਲਾਭ ਮਿਲ ਸਕੇ।ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ, ਸਿਹਤ ਵਿਭਾਗ ਦੇ ਉੱਚ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਇਸ ਨਵੇਂ ਕਲੀਨਿਕ ਦੀ ਸ਼ੁਰੂਆਤ ਲਈ ਪੰਜਾਬ ਸਰਕਾਰ ਅਤੇ ਵਿਧਾਇਕ ਸੰਤੋਸ਼ ਕਟਾਰੀਆ ਦਾ ਵਿਸ਼ੇਸ਼ ਧੰਨਵਾਦ ਕੀਤਾ।