ਮਾਛੀਵਾੜਾ ਸਾਹਿਬ : ਅੱਜ ਸਵੇਰੇ ਪਏ ਕਰੀਬ ਇਕ ਘੰਟਾ ਮੀਂਹ ਨੇ ਗਰੀਬ ਪਰਿਵਾਰ ਦੇ ਕਹਿਰ ਢਾਹ ਦਿੱਤਾ। ਜਿਸ ਵਿੱਚ ਇਕ 36ਸਾਲ ਦੀ ਇੰਦਰਜੀਤ ਕੌਰ ਦੀ ਘਰ ਦੀ ਛੱਤ ਡਿਗਣ ਕਾਰਨ ਮੌਤ ਹੋ ਗਈ। ਪਿੰਡ ਸ਼ਤਾਬਗੜ ਦੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਾਬਕਾ ਸਰਪੰਚ ਸਵਰਗੀਏ ਧਰਮਪਾਲ ਦੀ ਪਤਨੀ ਇੰਦਰਜੀਤ ਕੌਰ ਆਪਣੇ ਘਰ ਦੇ ਇਕ ਕਮਰੇ ਵਿੱਚ ਸੁਤੀ ਪਈ ਸੀ ਅਤੇ ਉਸੇ ਕਮਰੇ ਵਿੱਚ ਉਸਦੀ ਸਹੁਰੇ ਪਰਿਵਾਰ ਤੋਂ ਲਗਦੀ ਭੂਆ ਵੀ ਮੋਜੂਦ ਸੀ। ਸਵੇਰ ਸਮੇਂ ਕਰੀਬ ਇਕ ਘੰਟਾ ਮੀਂਹ ਪਿਆ ਜਿਸ ਕਾਰਣ ਉਹਨਾਂ ਦੇ ਕਮਰੇ ਦੀ ਛੱਤ ਡਿੱਗ ਗਈ। ਜਿਸ ਵਿੱਚ ਇੰਦਰਜੀਤ ਕੌਰ ਗੰਭੀਰ ਅਤੇ ਭੂਆ ਵੀ ਜਖਮੀ ਹੋ ਗਏ। ਜਿੰਨਾ ਨੂੰ ਤੁਰੰਤ ਸਮਰਾਲਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਵਲੋਂ ਇੰਦਰਜੀਤ ਕੌਰ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਇੰਦਰਜੀਤ ਕੌਰ ਦੇ ਪਤੀ ਧਰਮਪਾਲ ਜਿਹੜਾ ਪਿੰਡ ਦਾ ਸਰਪੰਚ ਰਹਿ ਚੁੱਕਾ ਸੀ ਦੀ ਮੌਤ ਹੋ ਚੁੱਕੀ ਹੈ ਅਤੇ ਇਹਨਾਂ ਦੇ ਤਿੰਨ ਬੱਚੇ ਹਨ ਜਿਹੜੇ ਸਕੂਲ ਵਿੱਚ ਪੜ੍ਹਦੇ ਹਨ ਅਤੇ ਘਰ ਵਿੱਚ ਮ੍ਰਿਤਕਾ ਦੀ ਸੱਸ ਵੀ ਹੈ। ਪਿੰਡ ਵਾਲਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪਿੰਡ ਦੀ ਪੰਚਾਇਤ ਵੀ ਆਪਣੇ ਕੋਲੋਂ ਇਹਨਾਂ ਦੀ ਮੱਦਦ ਕਰੇਗੀ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੇ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।