ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦਾ ਇਕਲੋਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਬਾਰਸ਼ ਹੋਣ ਤੋਂ ਬਾਅਦ ਕਈ-ਕਈ ਦਿਨ ਵਰਤੋਂ ਦੇ ਕਾਬਲ ਨਹੀਂ ਹੁੰਦਾ ਜਿਸ ਕਰਕੇ ਸੈਰ ਕਰਨ ਵਾਲੇ ਲੋਕਾਂ ਨੂੰ ਡਾਢੀ ਦਿੱਕਤ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਾਰ ਬਾਰਸ਼ ਪੈਣ ਦੇ ਦੋ ਦਿਨਾਂ ਬਾਅਦ ਵੀ ਪਾਰਕ ਵਿੱਚ ਦੇ ਮੈਦਾਨਾਂ ਅਤੇ ਫੁੱਟਪਾਥ ਉਪਰ ਪਾਣੀ ਖੜ੍ਹਾ । ਜੇਕਰ ਬਾਰਸ਼ ਨਾ ਆਈ ਤਾਂ ਵੀ ਕਰੀਬ ਇਕ ਹਫਤਾ ਇਸ ਵਿੱਚ ਚਿੱਕੜ ਬਣਿਆ ਰਹੇਗਾ। ਪਾਣੀ ਦੀ ਵਜ੍ਹਾ ਕਰਕੇ ਮੱਛਰਾਂ, ਮੱਖੀਆਂ ਦੀ ਭਰਮਾਰ ਹੈ। ਗੰਦੇ ਪਾਣੀ ਦਾ ਮੁਸ਼ਕ ਹੈ। ਸੈਰ ਕਰਨ ਵਾਲੇ ਲੋਕਾਂ ਕੋਲ ਹੋਰ ਕੋਈ ਬਦਲ ਨਾ ਹੋਣ ਕਰਕੇ ਉਹ ਡਾਢੇ ਤੰਗ ਹਨ। ਇਸ ਦੌਰਾਨ ਵਾਤਾਵਰਣ ਪ੍ਰੇਮੀ ਅੰਮ੍ਰਿਤਪਾਲ ਸਿੰਘ ਅਤੇ ਡਾ. ਸੀਮਾ ਗੋਇਲ ਨੇ ਦੱਸਿਆ ਕਿ ਪਾਰਕ ਵਿੱਚ ਖੜ੍ਹੇ ਇਸ ਪਾਣੀ ਨੂੰ ਭੂ-ਜਲ ਰੀਚਾਰਜ ਸਿਸਟਮ ਰਾਹੀਂ ਧਰਤੀ ਵਿੱਚ ਪਹੁੰਚਾਇਆ ਜਾ ਸਕਦਾ ਹੈ। ਇਸ ਨਾਲ ਇਕ ਤਾਂ ਧਰਤੀ ਹੇਠਲਾ ਜਲ ਭੰਡਾਰ ਭਰ ਜਾਵੇਗਾ ਅਤੇ ਦੂਸਰਾ ਧਰਤੀ ਦੇ ਉਪਰ ਗੰਦਗੀ ਨਹੀਂ ਫੈਲੇਗੀ। ਜੇਕਰ ਇਹ ਪਾਣੀ ਸੀਵਰੇਜ ਵਿੱਚ ਜਾਂਦਾ ਹੈ ਤਾਂ ਵੀ ਇਹ ਪਾਣੀ ਦੀ ਬੇਕਦਰੀ ਹੈ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਅਜਿਹੇ ਭੂ-ਜਲ ਰੀਚਾਰਜ ਸਿਸਟਮ ਪਾਰਕਾਂ ਅਤੇ ਸਰਕਾਰੀ ਇਮਾਰਤਾਂ ਵਿੱਚ ਲਾਜ਼ਮੀ ਲਵਾਏ ਜਾਣ ਤਾਂ ਕਿ ਹੋਰ ਲੋਕਾਂ ਨੂੰ ਵੀ ਇਸਤੋਂ ਪ੍ਰੇਰਣਾ ਮਿਲੇ।