ਸ੍ਰੀ ਮੁਕਤਸਰ ਸਾਹਿਬ : ਮੰਡੀ ਮਜ਼ਦੂਰ ਗੱਲਾ ਯੂਨੀਅਨ ਦੇ ਪ੍ਰਧਾਨ ਦੀ ਚੋਣ ਲਈ ਅੱਜ ਮਾਰਕਿਟ ਕਮੇਟੀ ਦਫ਼ਤਰ ਵਿਖੇ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਮਾਹੌਲ ਵਿੱਚ ਸੰਪੰਨ ਹੋਈ। ਚੋਣਾਂ ਦੌਰਾਨ ਯੂਨੀਅਨ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਪ੍ਰਧਾਨਗੀ ਦੀ ਦੌੜ ਵਿੱਚ ਰਾਜ ਕੁਮਾਰ, ਸੋਨੂੰ ਕਾਮਲੀ ਅਤੇ ਰਿੰਕੂ ਕੁਮਾਰ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਮਾਰਕਿਟ ਕਮੇਟੀ ਦੇ ਸਕੱਤਰ ਬਲਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ 9 ਵਜੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੋਟਿੰਗ ਸ਼ੁਰੂ ਹੋਈ, ਜੋ ਦੁਪਹਿਰ 2:30 ਵਜੇ ਤੱਕ ਜਾਰੀ ਰਹੀ। ਕੁੱਲ 313 ਯੋਗ ਵੋਟਰਾਂ ਵਿੱਚੋਂ 306 ਵੋਟਾਂ ਪੋਲ ਹੋਈਆਂ, ਜਿਸ ਨਾਲ ਮਜ਼ਦੂਰਾਂ ਵਿੱਚ ਚੋਣਾਂ ਪ੍ਰਤੀ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ। ਵੋਟਾਂ ਦੀ ਗਿਣਤੀ ਦੌਰਾਨ ਰਾਜ ਕੁਮਾਰ ਨੂੰ ਸਭ ਤੋਂ ਵੱਧ 176 ਵੋਟਾਂ ਮਿਲੀਆਂ, ਜਦਕਿ ਸੋਨੂੰ ਕਾਮਲੀ ਨੂੰ 110 ਅਤੇ ਰਿੰਕੂ ਕੁਮਾਰ ਨੂੰ 12 ਵੋਟਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ 8 ਵੋਟਾਂ ਰੱਦ ਕਰਾਰ ਦਿੱਤੀਆਂ ਗਈਆਂ। ਨਤੀਜਿਆਂ ਦੇ ਐਲਾਨ ਤੋਂ ਬਾਅਦ ਰਾਜ ਕੁਮਾਰ ਨੂੰ ਮੰਡੀ ਮਜ਼ਦੂਰ ਗੱਲਾ ਯੂਨੀਅਨ ਦਾ ਨਵਾਂ ਪ੍ਰਧਾਨ ਐਲਾਨਿਆ ਗਿਆ। ਉਨ੍ਹਾਂ ਦੀ ਜਿੱਤ ’ਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਇੱਕ-ਦੂਜੇ ਨੂੰ ਮਿਠਾਈ ਖਿਲਾ ਕੇ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਰਾਜ ਕੁਮਾਰ ਨੇ ਸਮੂਹ ਮੰਡੀ ਮਜ਼ਦੂਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਵੱਲੋਂ ਜਤਾਏ ਵਿਸ਼ਵਾਸ ’ਤੇ ਪੂਰੀ ਤਰ੍ਹਾਂ ਖਰਾ ਉਤਰਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਮਜ਼ਦੂਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਨਾਲ ਸਬੰਧਤ ਹਰ ਮੁੱਦੇ ਨੂੰ ਸਰਕਾਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾਵੇਗਾ ਅਤੇ ਯੂਨੀਅਨ ਦੇ ਹਰ ਮੈਂਬਰ ਨੂੰ ਹਰ ਵੇਲੇ ਪੂਰਾ ਸਹਿਯੋਗ ਦਿੱਤਾ ਜਾਵੇਗਾ।