ਚੰਡੀਗੜ੍ਹ : ਹਰਿਆਣਾ ਦੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਕਰਮਚਾਰੀ ਰਾਜ ਬੀਮਾ (ਈ.ਐਸ.ਆਈ.) ਵਿਭਾਗ ਵਿੱਚ ਕੰਮ ਕਰ ਰਹੇ ਨਰਸਿੰਗ ਸਟਾਫ ਦੇ ਵੱਖ-ਵੱਖ ਅਹੁਦਿਆਂ ਦੇ ਅਹੁਦਾ ਨਾਮ ਨੂੰ ਸਿਹਤ ਵਿਭਾਗ ਦੀ ਤਰਜ਼ 'ਤੇ ਸੋਧ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਇਸ ਫੈਸਲੇ ਨਾਲ ਈ.ਐਸ.ਆਈ. ਵਿਭਾਗ ਦੇ ਨਰਸਿੰਗ ਸਟਾਫ ਨੂੰ ਸਿਹਤ ਵਿਭਾਗ ਦੇ ਅਨੁਸਾਰ ਇੱਕ ਸਮਾਨ ਪਛਾਣ ਅਤੇ ਅਹੁਦਾ ਨਾਮ ਪ੍ਰਾਪਤ ਹੋਣਗੇ। ਸ੍ਰੀ ਵਿਜ ਨੇ ਦੱਸਿਆ ਕਿ ਈ.ਐਸ.ਆਈ. ਵਿਭਾਗ ਦੇ ਨਰਸਿੰਗ ਕੈਡਰ ਦੇ ਅਹੁਦਾ ਨਾਮਾਂ ਵਿੱਚ ਬਦਲਾਅ ਕਰਦੇ ਹੋਏ ਸਟਾਫ ਨਰਸ ਦਾ ਅਹੁਦਾ ਨਾਮ ਨਰਸਿੰਗ ਆਫ਼ਸਰ, ਨਰਸਿੰਗ ਸਿਸਟਰ ਦਾ ਸੀਨੀਅਰ ਨਰਸਿੰਗ ਆਫ਼ਸਰ, ਸਹਾਇਕ ਮੈਟਰਨ ਦਾ ਸਹਾਇਕ ਮੁੱਖ ਨਰਸਿੰਗ ਆਫ਼ਸਰ ਅਤੇ ਮੈਟਰਨ ਦਾ ਅਹੁਦਾ ਨਾਮ ਮੁੱਖ ਨਰਸਿੰਗ ਆਫ਼ਸਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਤਬਦੀਲੀ ਸਿਰਫ਼ ਅਹੁਦਾ ਨਾਮਾਂ ਦੇ ਮੁੜ-ਨਿਰਧਾਰਨ ਤੱਕ ਸੀਮਤ ਹੈ ਅਤੇ ਇਸ ਨਾਲ ਰਾਜ ਸਰਕਾਰ 'ਤੇ ਕਿਸੇ ਕਿਸਮ ਦਾ ਵਾਧੂ ਵਿੱਤੀ ਬੋਝ ਨਹੀਂ ਪਵੇਗਾ। ਇਹ ਕਦਮ ਸਿਹਤ ਵਿਭਾਗ ਦੀ ਵਿਵਸਥਾ ਦੇ ਅਨੁਸਾਰ ਈ.ਐਸ.ਆਈ. ਵਿਭਾਗ ਵਿੱਚ ਵੀ ਸਮਾਨਤਾ, ਪ੍ਰਸ਼ਾਸਕੀ ਇੱਕਸਾਰਤਾ ਅਤੇ ਕੰਮਕਾਜ ਦੀ ਵਿਵਸਥਾ ਨੂੰ ਹੋਰ ਵੱਧ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਹੈ। ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਨਰਸਿੰਗ ਸਟਾਫ ਸਿਹਤ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹੈ ਅਤੇ ਉਨ੍ਹਾਂ ਦੇ ਅਹੁਦਾ ਨਾਮਾਂ ਵਿੱਚ ਇਹ ਬਦਲਾਅ ਉਨ੍ਹਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਦੇ ਅਨੁਸਾਰ ਸਨਮਾਨਜਨਕ ਪਛਾਣ ਪ੍ਰਦਾਨ ਕਰੇਗਾ। ਇਸ ਨਾਲ ਵਿਭਾਗੀ ਕੰਮਕਾਜ ਵਿੱਚ ਤਾਲਮੇਲ ਵਧੇਗਾ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਅਹੁਦਿਆਂ ਦੀ ਸਮਾਨਤਾ ਸਥਾਪਤ ਹੋਵੇਗੀ। ਸ੍ਰੀ ਵਿਜ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਹਰਿਆਣਾ ਦਾ ਸਿਹਤ ਮੰਤਰੀ ਰਹਿਣ ਦਾ ਮੌਕਾ ਮਿਲਿਆ ਸੀ, ਉਦੋਂ ਵੀ ਉਨ੍ਹਾਂ ਨੇ ਸਿਹਤ ਵਿਭਾਗ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਕਰਮਚਾਰੀਆਂ ਦੇ ਅਹੁਦਾ ਨਾਮਾਂ ਵਿੱਚ ਸਮੇਂ ਦੇ ਅਨੁਕੂਲ ਤਬਦੀਲੀ ਕਰਕੇ ਉਨ੍ਹਾਂ ਨੂੰ ਆਧੁਨਿਕ ਅਤੇ ਮਾਣਮੱਤੀ ਪਛਾਣ ਦਿਵਾਉਣ ਦੀ ਪਹਿਲ ਕੀਤੀ ਸੀ। ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਈ.ਐਸ.ਆਈ. ਵਿਭਾਗ ਦੇ ਨਰਸਿੰਗ ਕੈਡਰ ਦੇ ਅਹੁਦਾ ਨਾਮ ਵੀ ਸਿਹਤ ਵਿਭਾਗ ਦੇ ਅਨੁਸਾਰ/ਤਰਜ਼ 'ਤੇ ਕੀਤੇ ਗਏ ਹਨ, ਜਿਸ ਨਾਲ ਕਰਮਚਾਰੀਆਂ ਵਿੱਚ ਸਕਾਰਾਤਮਕ ਸੁਨੇਹਾ ਜਾਵੇਗਾ ਅਤੇ ਉਨ੍ਹਾਂ ਦੀ ਪੇਸ਼ੇਵਰ ਪਛਾਣ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ।