ਦੇਵੀਗੜ੍ਹ, 3 (ਸਾਨੀਆ ਸਿੰਘ) : ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘੜਾਮ ਰੋਡ (ਜੁਲਾਹ ਖੇੜੀ) ਦੇ ਖਿਡਾਰੀਆਂ ਨੇ ਇੱਕ ਵਾਰ ਫਿਰ ਖੇਡਾਂ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਾਉਂਦੇ ਹੋਏ ਰਾਸ਼ਟਰੀ ਪੱਧਰ 'ਤੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। YRSA ਨੈਸ਼ਨਲ ਫੈਡਰੇਸ਼ਨ ਕੱਪ 2026 ਵਿੱਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਮੈਡਲ ਹਾਸਲ ਕੀਤੇ ਅਤੇ ਸਕੂਲ ਦੀ ਝੋਲੀ ਵਿੱਚ ਓਵਰਆਲ ਫਸਟ ਰਨਰ-ਅੱਪ ਟਰਾਫ਼ੀ (Runner-Up Trophy) ਪਾਈ। ਸੈਂਕੜੇ ਖਿਡਾਰੀਆਂ ਦੀ ਹਾਜ਼ਰੀ ਵਾਲੇ ਇਸ ਨੈਸ਼ਨਲ ਕੱਪ ਵਿੱਚ ਕਰਾਟੇ ਮੁਕਾਬਲਿਆਂ ਦੌਰਾਨ ਗੈਰੀ, ਚਾਹਤਪ੍ਰੀਤ ਕੌਰ, ਰਮਨਜੋਤ ਕੌਰ, ਗੁਰਨੂਰ ਕੌਰ, ਸੁਖਮਨਪ੍ਰੀਤ ਕੌਰ, ਨਿਮਰਤ ਕੌਰ, ਦਮਨਪ੍ਰੀਤ ਕੌਰ, ਇੰਦਰਜੀਤ ਸਿੰਘ, ਨਵਨਦੀਪ ਸਿੰਘ, ਜਸ਼ਨਦੀਪ ਸਿੰਘ, ਗੁਰਕੀਰਤ ਸਿੰਘ, ਅਭਿਰਾਜਵੀਰ ਸਿੰਘ, ਯੁਵਰਾਜ ਬਾਵਾ, ਸ਼ੁਭਰੀਤ ਸਿੰਘ ਅਤੇ ਅੰਸ਼ਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ (ਸੋਨੇ ਦੇ ਤਗਮੇ) ਜਿੱਤੇ। ਟੀਮ ਖੇਡਾਂ ਵਿੱਚ ਸਕੂਲ ਦੀ ਕਬੱਡੀ ਅੰਡਰ-11 (ਲੜਕੇ), ਕਬੱਡੀ ਅੰਡਰ-14 (ਲੜਕੇ) ਅਤੇ ਵਾਲੀਬਾਲ ਅੰਡਰ-19 (ਲੜਕੇ) ਦੀਆਂ ਟੀਮਾਂ ਨੇ ਪਹਿਲਾ ਸਥਾਨ (ਗੋਲਡ) ਹਾਸਲ ਕੀਤਾ, ਜਦਕਿ ਵਾਲੀਬਾਲ ਅੰਡਰ-17 (ਲੜਕੇ) ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਵਿੱਚ 100 ਮੀਟਰ ਦੌੜ ਵਿੱਚ ਵਿਸ਼ਾਲ (ਅੰਡਰ-17) ਅਤੇ ਯੁਵਰਾਜ ਸਿੰਘ (ਅੰਡਰ-14) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸ਼ੋਟਪੁੱਟ ਵਿੱਚ ਸ਼ਰਨਦੀਪ ਸਿੰਘ (ਅੰਡਰ-19) ਨੇ ਪਹਿਲਾ ਸਥਾਨ ਹਾਸਲ ਕੀਤਾ। ਸ਼ਤਰੰਜ (ਚੈੱਸ) ਵਿੱਚ ਹਰਮੀਤ ਸਿੰਘ (ਅੰਡਰ-11) ਨੇ ਦੂਜਾ ਅਤੇ ਕੁਨਾਲ ਗੋਸਵਾਮੀ (ਅੰਡਰ-17) ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਸਕੂਲ ਪਹੁੰਚਣ 'ਤੇ ਜੇਤੂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਸ. ਹਰਦੀਪ ਸਿੰਘ ਸੰਧੂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਰਨਰ-ਅੱਪ ਟਰਾਫ਼ੀ ਜਿੱਤਣਾ ਬੱਚਿਆਂ ਦੀ ਅਣਥੱਕ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਕੌਰ ਸੰਧੂ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਹਰ ਸੰਭਵ ਸਹੂਲਤ ਦਿੰਦਾ ਰਹੇਗਾ। ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ ਨੇ ਸਪੋਰਟਸ ਵਿਭਾਗ ਅਤੇ ਸਪੋਰਟਸ ਕੋਆਰਡੀਨੇਟਰ ਅਵਤਾਰ ਸਿੰਘ ਅਤੇ ਡੀ. ਪੀ. ਈ. ਜਸਵੰਤ ਸਿੰਘ ਦੀ ਯੋਗ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਨੁਸ਼ਾਸਨ ਅਤੇ ਸਖ਼ਤ ਮਿਹਨਤ ਨਾਲ ਹੀ ਅਜਿਹੀਆਂ ਵੱਡੀਆਂ ਪ੍ਰਾਪਤੀਆਂ ਸੰਭਵ ਹੁੰਦੀਆਂ ਹਨ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।