ਪਟਿਆਲਾ : ਅੱਜ ਪੀਐਸਪੀਸੀਐਲ/ਪੀਸੀਟੀਸੀਐੱਲ ਦੇ ਸੀਐਮਡੀ ਕਮ ਮੈਨੈਜਿੰਗ ਡਾਇਰੈਕਟਰ ਡਾ. ਬਸੰਤ ਗਰਗ (ਆਈਏਐਸ) ਵਲੋਂ ਗੁਰੂ ਹਰਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ ਅਤੇ 66 ਕੇਵੀ ਗਰਿੱਡ ਸਬ-ਸਟੇਸ਼ਨ ਬਡਬਰ ਦਾ ਦੌਰਾ ਕਰਕੇ ਖੇਤੀਬਾੜੀ ਅਤੇ ਘਰੇਲੂ ਖਪਤਕਾਰਾਂ ਲਈ ਬਿਜਲੀ ਸਪਲਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਪੀਐਸਪੀਸੀਐਲ ਦੇ ਡਾਇਰੈਕਟਰ ਜਨਰੇਸ਼ਨ ਇੰਜ. ਪੂਰਨਦੀਪ ਬਰਾੜ, ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚੀਫ਼ ਇੰਜ ਤੇਜ ਬਾਂਸਲ ਤੋਂ ਇਲਾਵਾ ਚੀਫ਼ ਇੰਜੀਨੀਅਰ/ਡੀਐਸ ਸਾਊਥ ਇੰਜ. ਆਰ. ਕੇ. ਮਿੱਤਲ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ। ਦੌਰੇ ਦੌਰਾਨ ਬਿਜਲੀ ਅਧਿਕਾਰੀਆਂ ਨੇ ਸੀਐਮਡੀ ਡਾ. ਬਸੰਤ ਗਰਗ ਵਲੋਂ ਗੁਰੂ ਹਰਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ ਦੇ ਦੌਰੇ ਮੌਕੇ ਕੋਲੇ ਦੀ ਸਥਿਤੀ, ਬਾਇਲਰ ਦਾ ਮੁਆਇਨਾ ਕਰਨ ਦੇ ਨਾਲ ਨਾਲ ਟਰਬਾਈਂਨ ਸਮੇਤ ਕੰਟਰੋਲ ਰੂਮ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਉਪਰੰਤ ਬਿਜਲੀ ਅਧਿਕਾਰੀਆਂ ਵਲੋਂ ਸੀਐਮਡੀ ਡਾ. ਬਸੰਤ ਗਰਗ ਵਲੋਂ 66 ਕੇਵੀ ਬਡਬਰ ਗਰਿੱਡ ਸਬ-ਸਟੇਸ਼ਨ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਉਕਤ ਸਬ ਸਟੇਸ਼ਨ ਸਾਲ 2009 ਵਿੱਚ 12.5 ਐਮਵੀਏ ਦਾ ਇੱਕ ਪਾਵਰ ਟ੍ਰਾਂਸਫਾਰਮਰ ਨਾਲ ਚਾਲੂ ਕੀਤਾ ਗਿਆ ਸੀ। ਇਹ ਗਰਿੱਡ 220 ਕੇਵੀ ਧਨੌਲਾ ਸਬ-ਸਟੇਸ਼ਨ ਤੋਂ 12 ਕਿਲੋਮੀਟਰ ਲੰਬੀ 66 ਕੇਵੀ ਸਿੰਗਲ-ਸਰਕਟ ਲਾਈਨ ਰਾਹੀਂ ਬਿਜਲੀ ਪ੍ਰਾਪਤ ਕਰਦਾ ਹੈ, ਜੋ ਇਸ ਸਮੇਂ ਲਗਭਗ 60 ਫੀਸਦੀ ਲੋਡ ’ਤੇ ਚੱਲ ਰਹੀ ਹੈ। ਉਹਨਾਂ ਕਿਹਾ ਕਿ ਪੀਐਸਪੀਸੀਐਲ ਵੱਲੋਂ ਸੂਬੇ ਦੇ ਬਿਜਲੀ ਵੰਡ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਡੱਬੀ - ਬਿਜਲੀ ਅਧਿਕਾਰੀ ਖੇਤੀਬਾੜੀ ਤੇ ਘਰੇਲੂ ਖਪਤਕਾਰਾਂ ਨੂੰ ਨਿਰਵਿਘਨ ਅਤੇ ਮਿਆਰੀ ਬਿਜਲੀ ਸਪਲਾਈ ਯਕੀਨੀ ਬਣਾਉਣ- ਡਾ. ਬਸੰਤ ਗਰਗ
ਸੀਐਮਡੀ ਸ੍ਰੀ ਬਸੰਤ ਗਰਗ ਨੇ ਗਰਿੱਡ ਦੀ ਮੌਜੂਦਾ ਸਥਿਤੀ, ਟ੍ਰਾਂਸਫਾਰਮਰਾਂ ਦੀ ਲੋਡਿੰਗ, ਬਿਜਲੀ ਸਪਲਾਈ ਦੀ ਗੁਣਵੱਤਾ ਅਤੇ ਭਵਿੱਖੀ ਸਮਰੱਥਾ ਵਾਧੇ ਦੀਆਂ ਯੋਜਨਾਵਾਂ ਦਾ ਵਿਸਥਾਰ ਨਾਲ ਜਾਇਜ਼ਾ ਲੈਣ ਤੋਂ ਬਾਦ ਫੀਲਡ ਅਧਿਕਾਰੀਆਂ ਵੱਲੋਂ ਬਿਜਲੀ ਸਪਲਾਈ ਨੂੰ ਸੁਚਾਰੂ ਅਤੇ ਭਰੋਸੇਯੋਗ ਬਣਾਈ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਸ੍ਰੀ ਬਸੰਤ ਗਰਗ ਨੇ ਕਿਹਾ ਕਿ ਪੀਐਸਪੀਸੀਐਲ ਵੱਲੋਂ ਸੂਬੇ ਦੇ ਬਿਜਲੀ ਵੰਡ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉੰਨਾਂ ਬਿਜਲੀ ਅਧਿਕਾਰੀਆਂ ਨੂੰ ਖੇਤੀਬਾੜੀ ਤੇ ਘਰੇਲੂ ਖਪਤਕਾਰਾਂ ਨੂੰ ਨਿਰਵਿਘਨ ਅਤੇ ਮਿਆਰੀ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ।