ਸੁਨਾਮ : ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਭਾਜਪਾਈਆਂ ਨੇ ਸ਼ਹੀਦ ਊਧਮ ਸਿੰਘ ਦੇ ਬਠਿੰਡਾ ਰੋਡ ਤੇ ਸਥਿਤ ਸਮਾਰਕ ਤੇ ਜਾਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਆਖਿਆ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਆਜ਼ਾਦੀ ਦੇ ਮਹਾਨ ਸਪੂਤਾਂ ਨੂੰ ਸਨਮਾਨ ਦੇਣ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਨੇ ਮੁਲਕ ਅੰਦਰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀ ਸ਼ਨਾਖਤ ਕਰਕੇ ਲੋੜੀਂਦੀਆਂ ਸੁਵਿਧਾਵਾਂ ਤੋਂ ਇਲਾਵਾ ਯਾਦਗਾਰਾਂ ਸਥਾਪਿਤ ਕਰਨ ਲਈ ਯਤਨ ਕੀਤੇ ਹਨ। ਦਾਮਨ ਬਾਜਵਾ ਨੇ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਪਹੁੰਚਕੇ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਘਣਸ਼ਿਆਮ ਕਾਂਸਲ, ਰਾਜੀਵ ਮੱਖਣ, ਅੰਮ੍ਰਿਤ ਰਾਜਦੀਪ ਸਿੰਘ ਚੱਠਾ, ਰਿਸ਼ੀਪਾਲ ਖੇਰਾ, ਸੰਜੇ ਗੋਇਲ ਖਡਿਆਲੀਆ, ਕੌਂਸਲਰ ਮੋਨਿਕਾ ਗੋਇਲ, ਕੌਂਸਲਰ ਮੀਨਾ ਰਾਣੀ, ਰਿੰਕੂ ਆਲਮਪੁਰੀਆ, ਅਸ਼ੋਕ ਗੋਇਲ, ਸ਼ੰਕਰ ਬਾਂਸਲ ਤੇ ਹੋਰ ਆਗੂ ਹਾਜ਼ਰ ਸਨ।