ਸੁਨਾਮ : ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਮਨਬੀਰ ਸਿੰਘ ਚੈਰੀ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੇ ਸਥਾਪਿਤ ਬੁੱਤਾਂ ਤੇ ਫੁੱਲ ਮਾਲਾ ਭੇਟ ਕਰਨ ਉਪਰੰਤ ਗੱਲਬਾਤ ਕਰਦਿਆਂ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਅਮਨਬੀਰ ਸਿੰਘ ਚੈਰੀ ਨੇ ਆਖਿਆ ਕਿ ਸ਼ਹੀਦ ਊਧਮ ਸਿੰਘ ਦੀ ਲਾਮਿਸਾਲ ਸ਼ਹਾਦਤ ਦੁਨੀਆ ਵਿੱਚ ਵਿਲੱਖਣ ਹੈ। ਦੇਸ਼ ਦੀ ਆਜ਼ਾਦੀ ਅਤੇ ਸਵੈ-ਮਾਣ ਲਈ ਉਨ੍ਹਾਂ ਵੱਲੋਂ ਦਿਖਾਈ ਗਈ ਅਦੁੱਤੀ ਦ੍ਰਿੜਤਾ ਅਤੇ ਦਲੇਰੀ ਹਮੇਸ਼ਾ ਪੂਰੀ ਦੁਨੀਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੀ ਰਹੇਗੀ। ਉਕਤ ਆਗੂਆਂ ਨੇ ਸ਼ਹੀਦ ਊਧਮ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਦਾ ਸੱਦਾ ਦਿੱਤਾ। ਇਸ ਮੌਕੇ ਸਤਿਗੁਰ ਸਿੰਘ ਨਮੋਲ, ਗੁਰਚਰਨ ਸਿੰਘ ਧਾਲੀਵਾਲ, ਕੁਲਵੰਤ ਸਿੰਘ ਕਾਲਾ ਨੰਬਰਦਾਰ, ਕੰਵਰਜੀਤ ਸਿੰਘ ਲੱਕੀ ਧਾਲੀਵਾਲ, ਨਰੇਸ਼ ਜਿੰਦਲ, ਕੇਵਲ ਸਿੰਘ ਸ਼ੇਰੋਂ, ਬਿੰਦਰਪਾਲ ਨਮੋਲ, ਸੋਹਣ ਸਿੰਘ ਭੰਗੂ, ਸੰਦੀਪ ਸਿੰਘ ਦਿਓਸੀ , ਸੋਮ ਸਿੰਘ, ਦਰਸ਼ਨ ਸਿੰਘ ਸਰਪੰਚ, ਪ੍ਰੋਫੈਸਰ ਮਨਪ੍ਰੀਤ ਸਿੰਘ ਗਿੱਲ, ਬਾਵਾ ਸਿੰਘ ਢਾਬੇ ਵਾਲੇ, ਸਤਵਿੰਦਰ ਸਿੰਘ ਨਹਿਲ ਸਾਬਕਾ ਸਰਪੰਚ, ਪ੍ਰਭਸ਼ਰਨ ਸਿੰਘ ਬੱਬੂ, ਦਰਸ਼ਨ ਸਿੰਘ ਮੋਰਾਂਵਾਲੀ, ਗੋਪਾਲ ਸ਼ਰਮਾ, ਰਵਿੰਦਰ ਗੋਰਖਾ ਸਮੇਤ ਹੋਰ ਆਗੂ ਹਾਜ਼ਰ ਸਨ।