ਨਵਾਂਸ਼ਹਿਰ : ਨਗਰ ਕੌਂਸਲ ਨਵਾਂਸ਼ਹਿਰ ਦੇ ਨਵੇਂ ਚੁਣੇ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਅਤੇ ਪ੍ਰਧਾਨ ਸਮੇਤ 2 ਵਾਈਸ ਪ੍ਰਧਾਨਾਂ ਦੀ ਚੋਣ ਪ੍ਰਕਿਰਿਆ ਅੱਜ ਪ੍ਰਸ਼ਾਸਨਿਕ ਕਾਰਨਾਂ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਵੇਖਦਿਆਂ ਅਚਾਨਕ ਮੁਲਤਵੀ ਕਰ ਦਿੱਤੀ ਗਈ ਹੈ। ਐੱਸ.ਡੀ.ਐੱਮ.-ਕਮ-ਕਨਵੀਨਰ ਵੱਲੋਂ ਜਾਰੀ ਰਸਮੀ ਹੁਕਮਾਂ ਅਨੁਸਾਰ ਅਗਲੀ ਤਾਰੀਖ਼ ਅਤੇ ਸਮੇਂ ਦਾ ਐਲਾਨ ਵੱਖਰੇ ਨੋਟਿਸ ਰਾਹੀਂ ਕੀਤਾ ਜਾਵੇਗਾ। ਅੱਜ ਦਫ਼ਤਰ ਨਗਰ ਕੌਂਸਲ ਵਿਖੇ ਨਿਰਧਾਰਿਤ ਸਮੇਂ 'ਤੇ ਕਾਂਗਰਸ ਪਾਰਟੀ ਦੇ ਸਮੂਹ ਚੁਣੇ ਹੋਏ ਕੌਂਸਲਰ ਤਾਂ ਚੋਣ ਪ੍ਰਕਿਰਿਆ ਲਈ ਪਹੁੰਚ ਗਏ ਸਨ, ਪਰ ਦੂਜੇ ਪਾਸੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਕੌਂਸਲਰ ਚੋਣ ਹਾਲ ਵਿੱਚ ਨਹੀਂ ਪਹੁੰਚੇ।ਚੋਣ ਮੁਲਤਵੀ ਕਰਨ ਸਬੰਧੀ ਕਨਵੀਨਰ-ਕਮ-ਉਪ ਮੰਡਲ ਮੈਜਿਸਟ੍ਰੇਟ ਵੱਲੋਂ ਜਾਰੀ ਅਧਿਕਾਰਤ ਪੱਤਰ ਅਨੁਸਾਰ, ਸਫ਼ਾਈ ਸੇਵਕ ਯੂਨੀਅਨ ਅਤੇ ਵਾਲਮੀਕਿ ਸਮਾਜ ਵੱਲੋਂ ਬਰਨਾਲਾ ਘਟਨਾ ਦੇ ਵਿਰੋਧ 'ਚ ਦਿੱਤੇ ਪੰਜਾਬ ਬੰਦ ਦੇ ਸੱਦੇ ਕਾਰਨ ਸ਼ਹਿਰ ਵਿੱਚ ਤਣਾਅਪੂਰਨ ਸਥਿਤੀ ਸੀ। ਸ਼ਹਿਰ ਵਿੱਚ ਬੰਦ ਦੇ ਹਾਲਾਤਾਂ ਅਤੇ ਰਾਜਨੀਤਿਕ ਸਰਗਰਮੀ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਤਕਰਾਰ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਚੋਣ ਮੁਲਤਵੀ ਕਰਨ ਦਾ ਫ਼ੈਸਲਾ ਲਿਆ। ਐੱਸ.ਡੀ.ਐੱਮ. ਨਵਾਂਸ਼ਹਿਰ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਢੁਕਵੇਂ ਸੁਰੱਖਿਆ ਪ੍ਰਬੰਧਾਂ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੀ ਮੰਜ਼ੂਰੀ ਨਾਲ ਅਗਲੀ ਮੀਟਿੰਗ ਦੀ ਨਵੀਂ ਤਾਰੀਖ਼ ਦਾ ਨੋਟਿਸ ਜਲਦ ਜਾਰੀ ਕੀਤਾ ਜਾਵੇਗਾ।ਉਧਰ ਰੋਸ ਵਜੋ ਰਾਤ ਸਾਢੇ ਸੱਤ ਵਜੇ ਤੱਕ ਕਾਗਰਸ ਵਲੋ ਕਮੇਟੀ ਘਰ ਦੇ ਬਾਹਰ ਧਰਨਾ ਲਗਾਇਆ ਹੋਇਆ ਸੀ ।