ਸਮਾਣਾ : ਰੋਟਰੀ ਕਲੱਬ ਸਮਾਣਾ ਸਿਟੀ ਵੱਲੋਂ ਅੱਜ ਜ਼ਿਲ੍ਹਾ ਫਸਟ ਲੇਡੀ ਰੋਟੇਰੀਅਨ ਸਾਚੀ ਸਿੰਗਲਾ ਦੀ ਵਿਸ਼ੇਸ਼ ਰਹਿਨੁਮਾਈ ਹੇਠ ਦੋ ਅਹਿਮ ਸੇਵਾ ਪ੍ਰੋਜੈਕਟ ਸਫਲਤਾਪੂਰਵਕ ਨੇਪਰੇ ਚਾੜ੍ਹੇ ਗਏ। ਪ੍ਰੋਗਰਾਮ ਦੇ ਪਹਿਲੇ ਚਰਨ ਵਿੱਚ, ਸਤੀ ਮੰਦਿਰ ਬਿਰਧ ਆਸ਼ਰਮ ਵਿਖੇ ਇੱਕ ਵਿਸ਼ੇਸ਼ ਭੋਜਨ ਵੰਡ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਸ਼ਰਮ ਦੇ ਬਜ਼ੁਰਗਾਂ ਨੂੰ ਪੂਰੇ ਸਤਿਕਾਰ ਅਤੇ ਪ੍ਰੇਮ ਸਹਿਤ ਭੋਜਨ ਛਕਾਇਆ ਗਿਆ। ਇਸ ਉਪਰੰਤ, ਸਤੀ ਮੰਦਰ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਭੋਜਨ ਅਤੇ ਸਟੇਸ਼ਨਰੀ ਸਮੱਗਰੀ ਵੰਡੀ ਗਈ। ਇਨ੍ਹਾਂ ਦੋਵੇਂ ਮਹੱਤਵਪੂਰਨ ਸੇਵਾ ਪ੍ਰੋਜੈਕਟਾਂ ਨੂੰ ਸਪਾਂਸਰ ਕਰਨ ਦੀ ਸੇਵਾ ਕਲੱਬ ਦੀ ਖਜ਼ਾਨਚੀ ਰੋਟੇਰੀਅਨ ਸੀਮਾ ਗਰਗ ਵੱਲੋਂ ਨਿਭਾਈ ਗਈ। ਇਹ ਪੂਰਾ ਆਯੋਜਨ ਕਲੱਬ ਪ੍ਰਧਾਨ ਰੋਟੇਰੀਅਨ ਵਾਨਿਕਾ ਗੋਇਲ, ਸਕੱਤਰ ਰੋਟੇਰੀਅਨ ਸ਼ਾਲੂ ਗਰਗ, ਅਤੇ ਖਜ਼ਾਨਚੀ ਰੋਟੇਰੀਅਨ ਸੀਮਾ ਗਰਗ ਦੀ ਸਾਂਝੀ ਅਗਵਾਈ ਹੇਠ ਸੰਪੰਨ ਹੋਇਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਰੋਟੇਰੀਅਨ ਸਾਚੀ ਸਿੰਗਲਾ ਨੇ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦਾਂ ਅਤੇ ਬਜ਼ੁਰਗਾਂ ਦੀ ਸੇਵਾ ਕਰਨਾ ਹੀ ਰੋਟਰੀ ਦਾ ਮੁੱਖ ਮਨੋਰਥ ਹੈ। ਉਨ੍ਹਾਂ ਨੇ ਸਮੂਹ ਕਲੱਬ ਮੈਂਬਰਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਮਾਨਵਤਾਵਾਦੀ ਅਤੇ ਸਮਾਜ ਭਲਾਈ ਦੇ ਕਾਰਜ ਨਿਰੰਤਰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਕਲੱਬ ਅਹੁਦੇਦਾਰਾਂ ਨੇ ਕਿਹਾ ਕਿ ਰੋਟਰੀ ਕਲੱਬ ਸਮਾਣਾ ਸਿਟੀ ਸਿੱਖਿਆ, ਸਿਹਤ ਅਤੇ ਸਮਾਜਿਕ ਸੁਧਾਰਾਂ ਦੇ ਖੇਤਰ ਵਿੱਚ ਲਗਾਤਾਰ ਕਾਰਜਸ਼ੀਲ ਹੈ ਅਤੇ ਸਮਾਜ ਦੇ ਹਰ ਲੋੜਵੰਦ ਵਰਗ ਤੱਕ ਮਦਦ ਪਹੁੰਚਾਉਣ ਲਈ ਹਮੇਸ਼ਾ ਵਚਨਬੱਧ ਰਹੇਗਾ।