ਲੁਧਿਆਣਾ : ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ,ਲੁਧਿਆਣਾ, ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵੱਲੋਂ ਆਈ.ਕਿਊ.ਏ.ਸੀ. ਦੇ ਤਹਿਤ ਅਤੇ ਸੰਸਥਾ ਦੀ ਇਨੋਵੇਸ਼ਨ ਕੌਂਸਲ (ਆਈਆਈਸੀ) ਦੇ ਸਹਿਯੋਗ ਨਾਲ "ਡਿਜ਼ਾਈਨ ਥਿੰਕਿੰਗ" ਵਿਸ਼ੇ 'ਤੇ ਕਰਵਾਇਆ ਗਿਆ ਰਾਸ਼ਟਰੀ ਪੱਧਰ ਦਾ ਇੱਕ ਹਫ਼ਤੇ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋਇਆ। ਇਸ ਪ੍ਰੋਗਰਾਮ ਵਿੱਚ ਜੀਐਨਡੀਈਸੀ ਅਤੇ ਦੇਸ਼ ਭਰ ਦੀਆਂ ਵੱਖ-ਵੱਖ ਸੰਸਥਾਵਾਂ ਤੋਂ 86 ਫੈਕਲਟੀ ਮੈਂਬਰਾਂ, ਖੌਰਕਰਤਾਵਾਂ ਅਤੇ ਉਦਯੋਗਿਕ ਮਾਹਿਰਾਂ ਨੇ ਹਿੱਸਾ ਲਿਆ।ਇਸ ਪੰਜ ਰੋਜ਼ਾ ਪ੍ਰੋਗਰਾਮ ਦੌਰਾਨ ਮਾਹਿਰਾਂ ਦੇ ਲੈਕਚਰਾਂ, ਪ੍ਰੈਕਟੀਕਲ ਗਤੀਵਿਧੀਆਂ ਅਤੇ ਇੱਕ ਉਦਯੋਗਿਕ ਦੌਰੇ ਰਾਹੀਂ ਡਿਜ਼ਾਈਨ ਥਿੰਕਿੰਗ ਦੇ ਪੂਰੇ ਸਫ਼ਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਲਾਈਟ ਤੋਂ ਡਾ. ਜਗਦੀਪ ਸਿੰਘ ਨੇ "ਵਿਚਾਰਾਂ ਤੋਂ ਪ੍ਰੋਟੋਟਾਈਪ ਤੱਕ" ਵਿਸ਼ੇ 'ਤੇ ਇੰਟਰਐਕਟਿਵ ਸੈਸ਼ਨ ਲਏ, ਜਿਸ ਵਿੱਚ ਬ੍ਰੇਨਸਟਾਰਮਿੰਗ, ਮਾਈਂਡ ਮੈਪਿੰਗ, ਸਕੈਂਪਰ, ਵਿਚਾਰਾਂ ਦੀ ਚੋਣ ਅਤੇ ਲੋਅ-ਫਿਡੇਲਿਟੀ ਪ੍ਰੋਟੋਟਾਈਪਿੰਗ ਸ਼ਾਮਲ ਸਨ।ਪ੍ਰੋਗਰਾਮ ਦਾ ਸਮਾਪਨ ਡਾ. ਤਰਲੋਚਨ ਸਿੰਘ, ਆਈਆਈਟੀ, ਰੋਪੜ, ਵੱਲੋਂ"ਡਿਜ਼ਾਇਨ ਥਿੰਕਿੰਗ ਨੂੰ ਅਕੈਡਮਿਕ ਵਿੱਚ ਲਾਗੂ ਕਰਨਾ" ਦੇ ਵਿਸ਼ੇ 'ਤੇ ਦਿੱਤੇ ਲੈਕਚਰ ਨਾਲ ਹੋਇਆ, ਜਿਸ ਤੋਂ ਬਾਅਦ ਟੀਮ ਪ੍ਰੋਜੈਕਟ ਪੇਸ਼ਕਾਰੀਆਂ ਅਤੇ ਸਮਾਪਤੀ ਸਮਾਰੋਹ ਕਰਵਾਇਆ ਗਿਆ।ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਇਸ ਮੌਕੇ ਸੀਐੱਸਈ ਵਿਭਾਗ ਨੂੰ ਵਧਾਈ ਦਿੱਤੀ ਅਤੇ ਆਧੁਨਿਕ ਇੰਜੀਨੀਅਰਿੰਗ ਸਿੱਖਿਆ ਵਿੱਚ ਡਿਜ਼ਾਈਨ ਥਿੰਕਿੰਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ।