ਪਾਤੜਾਂ : ਪੰਜਾਬ ਦੇ ਜਲ ਸਰੋਤ, ਖਨਣ ਤੇ ਭੂ-ਵਿਗਿਆਨ, ਭੂਮੀ ਅਤੇ ਪਾਣੀ ਦੀ ਸੰਭਾਲ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਸ਼ੁਤਰਾਣਾ ਹਲਕੇ ਦੇ ਪਿੰਡ ਬੂਟਾ ਸਿੰਘ ਵਾਲਾ ਅਤੇ ਬਾਦਸ਼ਾਹਪੁਰ ਵਿਖੇ ਨਹਿਰੀ ਪਾਣੀ ਸਿੰਚਾਈ ਪ੍ਰਾਜੈਕਟ ਲੋਕ ਅਰਪਣ ਕੀਤੇ। ਪ੍ਰੋਜੈਕਟਾਂ ਦਾ ਉਦਘਾਟਨ ਕਰਨ ਉਪਰੰਤ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਸਹੂਲਤ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੁਤਰਾਣਾ ਹਲਕੇ ਵਿੱਚ 80.35 ਕਰੋੜ ਰੁਪਏ ਦੀ ਲਾਗਤ ਨਾਲ 137.13 ਕਿਲੋਮੀਟਰ ਨਹਿਰਾਂ, ਰਜਬਾਹਿਆਂ ਅਤੇ ਸਬ-ਮਾਈਨਰਾਂ ਦਾ ਨਵੀਨੀਕਰਨ ਕੀਤਾ ਗਿਆ ਹੈ, ਜਿਸ ਨਾਲ 56 ਪਿੰਡਾਂ ਦੀ ਲਗਭਗ 68,500 ਏਕੜ ਜ਼ਮੀਨ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਤਹਿਤ 2 ਨਹਿਰਾਂ, 14 ਕੁੱਲ ਮਾਈਨਰ ਅਤੇ ਸਬ-ਮਾਈਨਰਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 53.9 ਕਿਲੋਮੀਟਰ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ, ਜਿਨ੍ਹਾਂ ’ਤੇ 8.89 ਕਰੋੜ ਰੁਪਏ ਦੀ ਲਾਗਤ ਆਈ ਹੈ। ਇਨ੍ਹਾਂ ਪਾਈਪਲਾਈਨਾਂ ਰਾਹੀਂ 18 ਪਿੰਡਾਂ ਦੀ ਕਰੀਬ 9,302 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਇਸ ਦੌਰਾਨ ਉਹਨਾਂ ਬਾਦਸ਼ਾਹਪੁਰ ਵਿਖੇ ਘੱਗਰ ਬੰਨ੍ਹ ਮਜ਼ਬੂਤ ਕਰਨ ਦਾ ਜਾਇਜ਼ਾ ਲੈਣ ਮਗਰੋਂ ਦੱਸਿਆ ਕਿ ਡਰੇਨੇਜ ਵਿਭਾਗ ਨੇ ਘੱਗਰ ਦੇ ਕਿਨਾਰੇ, ਜਿੱਥੇ ਕਿਤੇ ਢਾਹ ਲੱਗਣ ਦਾ ਖ਼ਦਸ਼ਾ ਸੀ, ਉੱਥੇ 1000 ਫੁੱਟ ਖੇਤਰ ‘ਤੇ 2.46 ਕਰੋੜ ਰੁਪਏ ਖਰਚ ਕਰਕੇ ਪੱਥਰ ਤੇ ਜਾਲੀ ਲਗਾ ਕੇ ਮਜ਼ਬੂਤ ਕੀਤਾ ਹੈ। ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਪਿਛਲੇ ਸਾਲ ਦੌਰਾਨ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਲਈ ਜੋ ਕੰਮ ਕੀਤਾ ਉਹ ਕਦੇ ਪਿਛਲੇ 50 ਸਾਲਾਂ ਵਿੱਚ ਨਹੀਂ ਹੋਇਆ, ਜਿਸ ਕਰਕੇ ਲੰਘੇ ਸਾਲ ਘੱਗਰ ਨਦੀ ਵਿੱਚ ਬਹੁਤਾਤ ‘ਚ ਆਏ ਪਾਣੀ ਦੇ ਬਾਵਜੂਦ ਕਿਸੇ ਵੀ ਥਾਂ ‘ਤੇ ਕੋਈ ਬੰਨ੍ਹ ਨਹੀਂ ਟੁੱਟਿਆ। ਉਹਨਾਂ ਪੰਜਾਬ ਸਰਕਾਰ ਅਤੇ ਜਲ ਸਰੋਤ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨ ਪੱਖੀ ਫ਼ੈਸਲਿਆਂ ਨੂੰ ਲਗਾਤਾਰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।