ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਮੈਸਰਜ਼ ਨਿਊ ਹੋਰਾਈਜ਼ਨ ਵੀਜ਼ਾ ਕੰਸਲਟੈਂਟ, ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮੈਸਰਜ਼ ਨਿਊ ਹੋਰਾਈਜ਼ਨ ਵੀਜ਼ਾ ਕੰਸਲਟੈਂਟ, ਫਰਮ, ਐਸ.ਸੀ.ਐਫ. ਨੰਬਰ-19, ਬੇਸਮੈਂਟ ਅਤੇ ਗਰਾਊਂਡ ਫਲੋਰ, ਫੇਜ਼-3ਏ, ਮੋਹਾਲੀ ਦੇ ਮਾਲਕ ਸ਼੍ਰੀ ਨਿਤਿਨ ਵਰਮਾ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ: 776 ਆਈ.ਸੀ.ਮਿਤੀ 24 ਅਪ੍ਰੈਲ 2025 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 23 ਅਪ੍ਰੈਲ 2030 ਤੱਕ ਸੀ। ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਦਫ਼ਤਰੀ ਹੁਕਮਾਂ ਅਨੁਸਾਰ ਫਰਮ ਦੇ ਦਫ਼ਤਰੀ ਰਿਕਾਰਡ ਅਨੁਸਾਰ ਉਕਤ ਫਰਮ ਖ਼ਿਲਾਫ਼ ਵੱਖ-ਵੱਖ ਵਿਅਕਤੀਆਂ ਵੱਲੋਂ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਨੂੰ ਪੜਤਾਲ ਲਈ ਉਪ ਮੰਡਲ ਮੈਜਿਸਟਰੇਟ, ਮੋਹਾਲੀ ਕੋਲ ਭੇਜਿਆ ਗਿਆ। ਇਸ ਤੋਂ ਇਲਾਵਾ ਪੁਲਿਸ ਵਿਭਾਗਾਂ ਤੋਂ ਪ੍ਰਾਪਤ ਰਿਪੋਰਟਾਂ ਮੁਤਾਬਕ ਫਰਮ ਅਤੇ ਇਸ ਦੇ ਪ੍ਰੋਪਰਾਈਟਰ ਖ਼ਿਲਾਫ਼ ਹਰਿਆਣਾ ਅਤੇ ਪੰਜਾਬ ਵਿੱਚ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀਆਂ ਵੱਖ-ਵੱਖ ਧਾਰਾਵਾਂ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਹੁਕਮਾਂ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਲਾਇਸੰਸੀ ਵੱਲੋਂ ਲਾਇਸੰਸ ਸਰੰਡਰ ਕਰਨ ਲਈ ਦਰਖ਼ਾਸਤ ਦਿੱਤੀ ਗਈ ਸੀ। ਇਸ ਉਪਰੰਤ ਦਫ਼ਤਰ ਵੱਲੋਂ ਕਈ ਵਾਰ ਨੋਟਿਸ ਜਾਰੀ ਕਰਕੇ ਲਾਇਸੰਸ ਜਾਰੀ ਹੋਣ ਤੋਂ ਬਾਅਦ ਕੀਤੇ ਕੰਮਾਂ, ਮਹੀਨਾਵਾਰ ਸਵੈ-ਘੋਸ਼ਣਾ, ਨਿਯਮਾਂ ਅਨੁਸਾਰ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ, ਵਿੱਤੀ ਖਾਤਿਆਂ ਦੇ ਵੇਰਵਿਆਂ ਅਤੇ ਦਰਜ ਅਪਰਾਧਿਕ ਮਾਮਲਿਆਂ ਸਬੰਧੀ ਲੋੜੀਂਦੇ ਦਸਤਾਵੇਜ਼ ਅਤੇ ਸਪੱਸ਼ਟੀਕਰਨ ਮੰਗਿਆ ਗਿਆ ਸੀ। ਪਰੰਤੂ ਲਾਇਸੰਸੀ ਵੱਲੋਂ ਵਾਰ-ਵਾਰ ਮੌਕਾ ਦਿੱਤੇ ਜਾਣ ਦੇ ਬਾਵਜੂਦ ਕੋਈ ਸੰਤੋਸ਼ਜਨਕ ਸਪੱਸ਼ਟੀਕਰਨ ਜਾਂ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕੀਤੇ ਗਏ। ਇਸ ਨੂੰ ਐਕਟ ਅਤੇ ਨਿਯਮਾਂ ਦੀ ਉਲੰਘਣਾ ਮੰਨਦਿਆਂ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ, 2012 ਦੀ ਧਾਰਾ 6 (1) (ਈ) ਅਤੇ ਨਿਯਮ 4 (1) (iv) ਦੇ ਉਪਬੰਧਾਂ ਤਹਿਤ ਮੈਸਰਜ਼ ਨਿਊ ਹੋਰਾਈਜ਼ਨ ਵੀਜ਼ਾ ਕੰਸਲਟੈਂਟ ਫਰਮ ਨੂੰ ਜਾਰੀ ਲਾਇਸੰਸ ਨੰ: 776 ਆਈ.ਸੀ.ਮਿਤੀ 24 ਅਪ੍ਰੈਲ 2025 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਕਟ/ਰੂਲਾਂ ਵਿੱਚ ਦਰਸਾਏ ਅਨੁਸਾਰ ਉਕਤ ਪ੍ਰਾਰਥੀ/ਫਰਮ/ਫਰਮ ਦੇ ਮਾਲਕ ਖਿਲਾਫ ਭਵਿੱਖ ਵਿੱਚ ਜੇਕਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਪ੍ਰਾਰਥੀ/ਫਰਮ/ਫਰਮ ਦੇ ਮਾਲਕ ਹਰ ਪੱਖੋਂ ਉਸ ਦੀ ਭਰਪਾਈ ਕਰਨ ਲਈ ਖੁਦ ਜ਼ਿੰਮੇਵਾਰ ਹੋਣਗੇ। ।