ਸੁਨਾਮ : ਸਫ਼ਾਈ ਸੇਵਕਾਂ ਨੇ ਨਗਰ ਕੌਂਸਲਾਂ ਅਧੀਨ ਆਊਟਸੋਰਸ ਪ੍ਰਣਾਲੀ ਤਹਿਤ ਸੇਵਾਵਾਂ ਨਿਭਾਅ ਰਹੇ ਸਫ਼ਾਈ ਕਾਮਿਆਂ ਨੂੰ ਪੱਕੇ ਕਰਨ ਅਤੇ ਬਰਨਾਲਾ ਵਿਖੇ ਸਫ਼ਾਈ ਕਾਮਿਆਂ ਤੇ ਕੀਤੇ ਪੁਲਿਸ ਲਾਠੀਚਾਰਜ ਦੇ ਰੋਸ ਵਜੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸੁਨਾਮ ਵਿਖੇ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਅੰਦਰ ਦੁਕਾਨਾਂ ਬੰਦ ਰੱਖੀਆਂ ਗਈਆਂ। ਸਿਤਮਜ਼ਰੀਫੀ ਇਹ ਰਹੀ ਕਿ ਸੂਬੇ ਦੀ ਸਰਕਾਰ ਦੇ ਖ਼ਿਲਾਫ਼ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਸੁਨਾਮ ਵਿਖੇ ਪੁਲਿਸ ਨੇ ਖ਼ੁਦ ਬਾਜ਼ਾਰਾਂ ਵਿੱਚ ਆਕੇ ਦੁਕਾਨਾਂ ਬੰਦ ਕਰਵਾਈਆਂ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਬੈਂਸ ਦੇ ਪੁਤਲੇ ਫੂਕੇ। ਸਫ਼ਾਈ ਸੇਵਕਾਂ ਦੇ ਹੱਕ ਵਿੱਚ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁਨਾਂ ਨੇ ਸ਼ਿਰਕਤ ਕੀਤੀ। ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ, ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਭਾਜਪਾ ਆਗੂ ਦਾਮਨ ਬਾਜਵਾ, ਹਰਮਨਦੇਵ ਸਿੰਘ ਬਾਜਵਾ, ਨਗਰ ਕੌਂਸਲ ਦੇ ਸੇਵਾ ਮੁਕਤ ਮੁਲਾਜ਼ਮ ਸੱਤਪਾਲ ਸੱਤੀ, ਹਰਮੇਲ ਸਿੰਘ ਮਹਿਰੋਕ, ਮਿਉਂਸਪਲ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਕਿਰਨਦੀਪ ਪਿੰਚੂ ਸਹੋਤਾ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਤੰਜ ਕਸਦਿਆਂ ਆਖਿਆ ਸਫ਼ਾਈ ਸੇਵਕ ਪਿਛਲੇ ਵੀਹ ਦਿਨਾਂ ਤੋਂ ਨਗਰ ਕੌਂਸਲ ਦਫ਼ਤਰ ਸਾਹਮਣੇ ਧਰਨਾ ਦੇਕੇ ਬੈਠੇ ਹਨ ਲੇਕਿਨ ਤੁਸੀਂ ਆਪਣੀ ਰਿਹਾਇਸ਼ ਤੋਂ ਦੋ ਸੌ ਮੀਟਰ ਦੀ ਦੂਰੀ ਤੋਂ ਆਕੇ ਸਫ਼ਾਈ ਕਾਮਿਆਂ ਦੀ ਸਾਰ ਨਹੀਂ ਲਈ। ਬੁਲਾਰਿਆਂ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਸਫ਼ਾਈ ਕਾਮਿਆਂ ਦੀ ਮੰਗਾਂ ਪ੍ਰਤੀ ਸੰਜੀਦਗੀ ਨਹੀਂ ਦਿਖਾ ਰਹੀ। ਉਨ੍ਹਾਂ ਬਰਨਾਲਾ ਵਿਖੇ ਸਫ਼ਾਈ ਕਾਮਿਆਂ ਉੱਪਰ ਲਾਠੀਚਾਰਜ ਕਰਨ ਵਾਲੇ ਡੀਐਸਪੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਸਫ਼ਾਈ ਮਜ਼ਦੂਰ ਯੂਨੀਅਨ ਦੇ ਆਗੂ ਦੁਲੀਆ ਰਾਮ, ਪ੍ਰਧਾਨ ਅਮਨ ਸਿੱਖਣ, ਬਲਜੀਤ ਕੁਮਾਰ ਤੋਂ ਇਲਾਵਾ ਭਾਜਪਾ ਦੇ ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ, ਕੌਂਸਲਰ ਮੋਨਿਕਾ ਗੋਇਲ, ਸੰਜੇ ਗੋਇਲ,ਸ਼ੰਕਰ ਬਾਂਸਲ, ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਭਗਵਾਨ ਸਿੰਘ ਸੁਨਾਮ ਸਮੇਤ ਵੱਡੀ ਗਿਣਤੀ ਵਿੱਚ ਸਫ਼ਾਈ ਸੇਵਕ ਹਾਜ਼ਰ ਸਨ।