ਸੰਗਰੂਰ : ਸੰਗਰੂਰ ਜ਼ਿਲ੍ਹੇ ਦੇ ਪਿੰਡ ਨਕਟੇ ਵਿਖੇ ਬੀਤੀ ਰਾਤ ਬਿਜਲੀ ਦਾ ਕਰੰਟ ਲੱਗਣ ਨਾਲ ਕਿਸਾਨ ਪਰਗਟ ਸਿੰਘ ਪੁੱਤਰ ਗੁਰਬਚਨ ਸਿੰਘ ਦੇ 8 ਪਸ਼ੂਆਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸੰਮਤੀ ਮੈਂਬਰ ਵਿਕਰਮ ਸਿੰਘ ਨਕਟੇ ਨੇ ਦੱਸਿਆ ਕਿ ਮਰਨ ਵਾਲੇ ਪਸ਼ੂਆਂ ਵਿੱਚ 4 ਮੱਝਾਂ ਅਤੇ 4 ਗਾਵਾਂ ਸ਼ਾਮਲ ਸਨ, ਜੋ ਕਿ ਸਾਰੇ ਸੂਣ ਵਾਲੇ ਸਨ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੀ ਖੁਰਲੀ ਉੱਤੇ ਲੋਹੇ ਦੀਆਂ ਗਰਿੱਲਾਂ ਲੱਗੀਆਂ ਹੋਈਆਂ ਸਨ। ਰਾਤ ਸਮੇਂ ਸ਼ਾਰਟ ਸਰਕਟ ਕਾਰਨ ਇਨ੍ਹਾਂ ਗਰਿੱਲਾਂ ਵਿੱਚ ਕਰੰਟ ਆ ਗਿਆ, ਜਿਸ ਕਾਰਨ ਇਹ ਦੁਖਦਾਈ ਘਟਨਾ ਵਾਪਰ ਗਈ।ਇਸੇ ਦੌਰਾਨ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਡੀ.ਐੱਮ. ਭਵਾਨੀਗੜ੍ਹ ਸ੍ਰੀਮਤੀ ਮਨਜੀਤ ਕੌਰ ਵੱਲੋਂ ਵੈਟਰਨਰੀ ਡਾਕਟਰਾਂ ਦੀ ਟੀਮ ਮੌਕੇ ’ਤੇ ਭੇਜ ਕੇ ਪਸ਼ੂਆਂ ਦਾ ਪੋਸਟਮਾਰਟਮ ਕਰਵਾਇਆ ਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨ ਪਰਿਵਾਰ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ।