ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਹਮਲਾ ਬੋਲਦਿਆਂ, ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਇੱਕ ਪੱਕਾ ਅਤੇ ਆਦਤਨ ਝੂਠਾ ਵਿਅਕਤੀ ਕਰਾਰ ਦਿੱਤਾ ਹੈ, ਜਿਹੜੇ ਇਨਕਾਰ, ਧੋਖੇ ਅਤੇ ਝੂਠ 'ਤੇ ਟਿੱਕੇ ਹੋਏ ਹਨ। ਵੜਿੰਗ ਮੁੱਖ ਮੰਤਰੀ ਵੱਲੋਂ ਆਪਣੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਪੇਪਰ ਲੀਕ ਨਾ ਹੋਣ ਦੇ ਦਾਅਵੇ 'ਤੇ ਪ੍ਰਤੀਕਿਰਿਆ ਦੇ ਰਹੇ ਸਨ। ਇਸ ਲੜੀ ਹੇਠ, ਅੱਜ ਕਾਂਗਰਸ ਦੇ ਕਈ ਸੰਸਦ ਮੈਂਬਰਾਂ ਸੰਸਦ ਵਿੱਚ ਪ੍ਰੀਖਿਆਵਾਂ ਨਾਲ ਸੰਬੰਧਤ ਨਵੇਂ ਕਾਨੂੰਨ ਦੇ ਪਾਸ ਹੋਣ ਦੇ ਮੌਕੇ ਪੇਪਰ ਲੀਕ ਦੇ ਵਿਰੋਧ ਵਿੱਚ ਮੁੜ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪੁੱਛਿਆ ਕਿ ਜੇਕਰ ਆਪ ਸਰਕਾਰ ਮਨਰੇਗਾ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਸੱਚਮੁੱਚ ਗੰਭੀਰ ਹੈ, ਤਾਂ ਉਹ ਕੇਂਦਰ ਸਰਕਾਰ ਨੂੰ ਪੱਤਰ ਕਿਉਂ ਲਿਖ ਰਹੀ ਹੈ, ਜਦਕਿ ਕੇਂਦਰ ਕੋਲ ਇਸ ਸਬੰਧੀ ਕੋਈ ਰੈਗੂਲਰਾਈਜ਼ੇਸ਼ਨ ਨੀਤੀ ਹੀ ਨਹੀਂ ਹੈ। ਵੜਿੰਗ ਨੇ ਕਿਹਾ ਕਿ ਪੇਪਰ ਲੀਕ ਅਤੇ ਮਨਰੇਗਾ ਵਰਕਰਾਂ ਦੇ ਰੈਗੂਲਰਾਈਜ਼ੇਸ਼ਨ, ਦੋਵੇਂ ਹੀ ਮੁੱਦਿਆਂ ਉੱਪਰ ਆਪ ਸਰਕਾਰ ਇਨਕਾਰ ਅਤੇ ਧੋਖੇ ਦੀ ਨੀਤੀ ਅਪਣਾ ਰਹੀ ਹੈ, ਜਿਹੜੀ ਉਸਦੀ ਸਰਕਾਰ ਚਲਾਉਣ ਦੀ ਮੁੱਖ ਨੀਤੀ ਬਣ ਚੁੱਕੀ ਹੈ।