ਲੌਂਗੋਵਾਲ : ਸ਼੍ਰੋਮਣੀ ਅਕਾਲੀ ਦਲ ਵਲੋਂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 20 ਅਗਸਤ ਨੂੰ ਮਨਾਈ ਜਾਣ ਵਾਲੀ ਬਰਸੀ ਦੇ ਸਬੰਧ ਵਿੱਚ ਅਹਿਮ ਮੀਟਿੰਗ ਗੁਰਦੁਆਰਾ ਚੁੱਲ੍ਹੇ ਬਾਬਾ ਆਲਾ ਸਿੰਘ ਲੋਂਗੋਵਾਲ ਵਿਖੇ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿਚ ਵਰਕਰਾਂ ਨੇ ਸ਼ਮੁਲੀਅਤ ਕਰਦਿਆਂ ਬਰਸੀ ਦੇ ਪ੍ਰਬੰਧਾਂ ਸਬੰਧੀ ਵਿਉਂਤਬੰਦੀ ਕੀਤੀ ਅਤੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਪੰਥਕ ਤੇ ਪ੍ਰੇਰਨਾ ਸਰੋਤ ਆਗੂ ਸਨ ਜਿਨ੍ਹਾਂ ਨੇ ਪੰਥ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ। ਉਹਨਾਂ ਲੋਕਾਂ ਦੀ ਤਕਦੀਰ ਬਦਲ ਦੇਣ ਦਾ ਲਿਖਤੀ ਇਤਿਹਾਸਕ ਸਮਝੌਤਾ ਕੀਤਾ ਸੀ ਪਰ ਸਮੇਂ ਦੀ ਹਕੂਮਤ ਨੇ ਸਮਝੌਤਾ ਲਾਗੂ ਨਾ ਕਰਕੇ ਪੰਜਾਬ ਨਾਲ ਵੱਡਾ ਧ੍ਰੋਹ ਕਮਾਇਆ। ਉਹਨਾਂ ਦੱਸਿਆ ਕਿ ਇਸ ਵਾਰ 20 ਅਗਸਤ ਨੂੰ ਸੰਤ ਲੌਂਗੋਵਾਲ ਦੀ ਬਰਸੀ ਅਨਾਜ਼ ਮੰਡੀ ਲੌਂਗੋਵਾਲ ਵਿਖੇ ਮਨਾਉਣ ਲਈ ਪੂਰੇ ਚਾਰ ਮਹੀਨੇ ਪਹਿਲਾਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਬੇਨਤੀ ਪੱਤਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਬਰਸੀ ਸਮਾਗਮ ਵਿਚ ਸ਼ਾਮਲ ਹੋਣ ਲਈ ਮਾਨਯੋਗ ਸਿੰਘ ਸਾਹਿਬਾਨ ਨੂੰ ਵੀ ਬੇਨਤੀ ਕੀਤੀ ਜਾਵੇਗੀ। ਇਸ ਮੀਟਿੰਗ ਨੂੰ ਰਵਿੰਦਰ ਸਿੰਘ ਚੀਮਾ, ਬੀਬੀ ਪਰਮਿੰਦਰ ਕੌਰ ਬਰਾੜ ਹਲਕਾ ਪ੍ਰਧਾਨ ਇਸਤਰੀ ਵਿੰਗ, ਦਰਸ਼ਨ ਸਿੰਘ ਚੀਮਾ, ਬਲਵਿੰਦਰ ਸਿੰਘ ਅਕਬਰਪੁਰ, ਕੇਸਰ ਸਿੰਘ ਹਲਕਾ ਪ੍ਰਧਾਨ ਬੀਸੀ ਵਿੰਗ ਅਤੇ ਆਲ ਇੰਡੀਆ ਗ੍ਰੰਥੀ ਸਭਾ ਤੋਂ ਜਗਮੇਲ ਸਿੰਘ ਛਾਜਲਾ ਨੇ ਵੀ ਸੰਬੋਧਨ ਕੀਤਾ।