ਮੋਗਾ : ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ (ਏਟਕ) ਦੀ ਬਲਾਕ ਮੋਗਾ ਦੀ ਅਹਿਮ ਮੀਟਿੰਗ ਸਾਥੀ ਸ਼ੇਰ ਸਿੰਘ ਦੌਲਤਪੁਰਾ ਦੀ ਪ੍ਰਧਾਨਗੀ ਹੇਠ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ, ਮੋਗਾ ਵਿਖੇ ਹੋਈ। ਮੀਟਿੰਗ ਵਿੱਚ ਨਰੇਗਾ ਮਜ਼ਦੂਰਾਂ ਨੂੰ ਦਰਪੇਸ਼ ਮੁਸ਼ਕਲਾਂ, ਵਿਕਸਤ ਭਾਰਤ ਜੀ.ਆਰ.ਜੀ. ਤਹਿਤ ਰੁਜ਼ਗਾਰ ਦੀ ਸਥਿਤੀ, ਬਕਾਇਆ ਮਜ਼ਦੂਰੀ, ਕੰਮ ਦੀ ਘਾਟ ਅਤੇ ਯੂਨੀਅਨ ਦੀਆਂ ਭਵਿੱਖੀ ਸੰਘਰਸ਼ਕਾਰੀ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਜਗਸੀਰ ਖੋਸਾ ਅਤੇ ਯੂਨੀਅਨ ਦੇ ਸਲਾਹਕਾਰ ਕੁਲਦੀਪ ਭੋਲਾ ਨੇ ਕਿਹਾ ਕਿ ਪੰਜਾਬ ਦੇ ਨਰੇਗਾ ਮਜ਼ਦੂਰ ਇਸ ਵੇਲੇ ਬਹੁਤ ਹੀ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਇਸ ਕਾਰਨ ਪਿੰਡਾਂ ਦੇ ਗਰੀਬ ਅਤੇ ਮਿਹਨਤਕਸ਼ ਪਰਿਵਾਰਾਂ ਦਾ ਜੀਵਨ ਹੋਰ ਵੀ ਮੁਸ਼ਕਲ ਬਣਦਾ ਜਾ ਰਿਹਾ ਹੈ। ਕਾਨੂੰਨ ਅਨੁਸਾਰ ਕੰਮ ਦੀ ਮੰਗ ਕਰਨ ਤੋਂ ਬਾਅਦ 15 ਦਿਨਾਂ ਦੇ ਅੰਦਰ ਰੁਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਜੇਕਰ ਇਸ ਸਮੇਂ ਦੌਰਾਨ ਕੰਮ ਨਹੀਂ ਦਿੱਤਾ ਜਾਂਦਾ ਤਾਂ ਮਜ਼ਦੂਰ ਬੇਰੁਜ਼ਗਾਰੀ ਭੱਤੇ ਦੇ ਹੱਕਦਾਰ ਹਨ। ਉਨ੍ਹਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਹੋਣ, ਯੂਨੀਅਨ ਨਾਲ ਸੰਗਠਿਤ ਹੋਣ ਅਤੇ ਹਰ ਪਿੰਡ ਵਿੱਚ ਸਮੂਹਿਕ ਤੌਰ 'ਤੇ ਕੰਮ ਦੀ ਮੰਗ ਕਰਨ, ਤਾਂ ਜੋ ਕਾਨੂੰਨ ਅਧੀਨ ਮਿਲਦੇ ਸਾਰੇ ਹੱਕ ਹਾਸਲ ਕੀਤੇ ਜਾ ਸਕਣ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪਿੰਡ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਅਤੇ ਲੋੜ ਪੈਣ 'ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੂ ਮਹੇਸ਼ਰੀ, ਅਮਰੀਕ ਸਿੰਘ ਖੁਖਰਾਣਾ, ਪੂਜਾ ਕੌਰ ਖੋਸਾ, ਸਰਬਜੀਤ ਕੌਰ, ਰਵਿੰਦਰ ਕੌਰ ਮਹੇਸ਼ਰੀ, ਰਮਨਦੀਪ ਕੌਰ ਦੌਲਤਪੁਰਾ ਉੱਚਾ, ਗੁਰਦੀਪ ਸਿੰਘ ਅਤੇ ਜਸ਼ਨਦੀਪ ਕੌਰ ਵੀ ਹਾਜ਼ਰ ਸਨ।