ਸੁਨਾਮ : ਕੱਚੇ ਸਫ਼ਾਈ ਕਾਮਿਆਂ ਨੂੰ ਪੱਕੇ ਕਰਨ ਅਤੇ ਆਊਟਸੋਰਸ ਨੂੰ ਵਿਭਾਗ ਵਿੱਚ ਮਰਜ਼ ਕਰਨ ਦੀ ਮੰਗ ਨੂੰ ਲੈਕੇ ਅਣਮਿੱਥੇ ਸਮੇਂ ਦੀ ਹੜਤਾਲ ਕਰਕੇ ਨਗਰ ਕੌਂਸਲ ਦਫ਼ਤਰ ਸੁਨਾਮ ਸਾਹਮਣੇ ਧਰਨਾ ਦੇ ਰਹੇ ਸਫ਼ਾਈ ਕਾਮਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਲਈ ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਧਰਨੇ ਵਿੱਚ ਸ਼ਮੂਲੀਅਤ ਕਰਨ ਪੁੱਜੇ। ਦੱਸ ਦੇਈਏ ਸਫ਼ਾਈ ਕਾਮਿਆਂ ਦੀ ਹੜਤਾਲ ਦੇ ਸਮਰਥਨ ਵਿੱਚ ਨਗਰ ਕੌਂਸਲ ਦੇ ਸੇਵਾ ਮੁਕਤ ਮੁਲਾਜ਼ਮਾਂ ਵੀ ਸ਼ਾਮਲ ਹੋਏ ਹਨ। ਭਾਜਪਾ ਆਗੂਆਂ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਦੀ ਪਾਰਟੀ ਆਖਕੇ ਲੋਕਾਂ ਦੀਆਂ ਵੋਟਾਂ ਲਈਆਂ ਸਨ ਲੇਕਿਨ ਹੁਣ ਕੁੱਝ ਕੁ ਮੀਟਰ ਦੀ ਦੂਰੀ ਤੇ ਬੈਠੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਫ਼ਾਈ ਕਾਮਿਆਂ ਦੀ ਕਦੇ ਸਾਰ ਨਹੀਂ ਲਈ। ਭਾਜਪਾ ਆਗੂਆਂ ਨੇ ਆਖਿਆ ਕਿ ਸਰਕਾਰ ਦੇ ਮੰਤਰੀ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋਣ ਦਾ ਝੂਠ ਬੋਲਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਜਦਕਿ ਹਾਲੇ ਤੱਕ ਜਥੇਬੰਦੀਆਂ ਨੇ ਸਫ਼ਾਈ ਕਾਮਿਆਂ ਦੀਆਂ ਮੰਗਾਂ ਨੂੰ ਲੈਕੇ ਸਰਕਾਰ ਦੀ ਨੀਤੀ ਨੂੰ ਪ੍ਰਵਾਨ ਨਹੀਂ ਕੀਤਾ।