ਆਲਮਗੀਰ : ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ 'ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ' (ਸੋਈ) ਦੇ ਮਾਲਵਾ ਜ਼ੋਨ 2 ਦੇ ਪ੍ਰਧਾਨ ਅਰਸ਼ ਮਾਣਕਵਾਲ ਦੀ ਅਗਵਾਈ ਹੇਠ ਸਾਥੀਆਂ ਦੇ ਸਹਿਯੋਗ ਸਦਕਾ ਸਵ. ਨੌਜਵਾਨ ਆਗੂ ਵਿੱਕੀ ਮਿੱਠੂਖੇੜਾ ਦੇ ਜਨਮਦਿਨ ਨੂੰ ਸਮਰਪਿਤ 'ਪ੍ਰੋਜੈਕਟ ਗੋ ਗ੍ਰੀਨ 2026' ਤਹਿਤ ਵੱਖ-ਵੱਖ ਪਿੰਡਾਂ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। 'ਵਿੱਕੀ ਮਿੱਠੂਖੇੜਾ ਫਾਊਂਡੇਸ਼ਨ' ਦੇ ਬੈਨਰ ਹੇਠ ਚਲਾਈ ਗਈ ਇਹ ਮੁਹਿੰਮ ਪਿੰਡ ਇਆਲੀ ਕਲਾਂ, ਭਨਹੋੜ, ਝਾਂਡੇ ਅਤੇ ਇਲਾਕੇ ਦੇ ਹੋਰਨਾਂ ਵੱਖ-ਵੱਖ ਪਿੰਡਾਂ ਵਿੱਚ ਨੌਜਵਾਨਾਂ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਨੇਪਰੇ ਚਾੜ੍ਹੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਈ ਮਾਲਵਾ ਜ਼ੋਨ 2 ਦੇ ਪ੍ਰਧਾਨ ਅਰਸ਼ ਮਾਣਕਵਾਲ ਨੇ ਆਖਿਆ ਕਿ ਵਿੱਕੀ ਮਿੱਠੂਖੇੜਾ ਹਮੇਸ਼ਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਅਤੇ ਸਾਰਿਆਂ ਦੇ ਪ੍ਰੇਰਨਾ ਸਰੋਤ ਰਹੇ ਹਨ। ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਅਤੇ ਵਾਤਾਵਰਨ ਦੀ ਸੰਭਾਲ ਲਈ ਇਸ ਵਾਰ ਉਨ੍ਹਾਂ ਦਾ ਜਨਮਦਿਨ ਹਰਿਆਵਲ ਮੁਹਿੰਮ ਵਜੋਂ ਮਨਾਇਆ ਗਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਦੂਸ਼ਣ ਮੁਕਤ ਵਾਤਾਵਰਨ ਸਿਰਜਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਦਾ ਜ਼ਿੰਮਾ ਵੀ ਚੁੱਕਣ। ਇਸ ਨੇਕ ਕਾਰਜ ਮੌਕੇ ਪ੍ਰਭਜੋਤ ਸਿੰਘ ਧਾਲੀਵਾਲ,ਸੋਈ ਦੇ ਹਲਕਾ ਗਿੱਲ ਤੋਂ ਵਾਈਸ ਪ੍ਰਧਾਨ ਦਿਲਪ੍ਰੀਤ ਲਲਤੋਂ, ਰਿਕੀ ਭਨਹੋੜ, ਸੁਖਵਿੰਦਰ ਕਾਲਾ ਸਰਪੰਚ, ਸਰਭਜੀਤ ਲੰਬਰਦਾਰ, ਨਿਰਮਲ ਇਆਲੀ, ਯੋਧਾ ਭਨਹੋੜ, ਸੁੱਖਾ ਦਾਦ, ਸੁਖਵਿੰਦਰ ਬੋਬੀ ਦੁੱਗਰੀ ਅਤੇ ਬੱਬੂ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਅਤੇ ਨੌਜਵਾਨ ਆਗੂ ਹਾਜ਼ਰ ਸਨ।