ਸੰਗਰੂਰ : ਬੀਤੇ ਦਿਨ ਸੰਗਰੂਰ ਵਿਖੇ ਬੀਜੇਪੀ ਦਫ਼ਤਰ ਵਿੱਚ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਪੱਤਰਕਾਰਾਂ ਮਿਲਣ ਮੌਕੇ ਦਸਿਆ ਕਿ ਮੁਲਜ਼ਮਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਤੇ ਦੋ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦਸਿਆ ਕਿ ਦੋਵੇਂ ਮੁਲਜ਼ਮ ਵਿਦੇਸ਼ ਬੈਠੇ ਰਾਣਾ ਭਾਊ ਦੇ ਸੰਪਰਕ ਵਿੱਚ ਸਨ। ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦਸਿਆ ਕਿ 26 ਜੁਲਾਈ ਦੀ ਰਾਤ ਨੂੰ ਕਰੀਬ 2.35 ’ਤੇ ਦੋ ਨੌਜਵਾਨ ਪੈਦਲ ਪਿੰਡ ਉਪਲੀ ਵਾਲੇ ਪਾਸੋਂ ਤੋਂ ਸੜਕ ਪਾਰ ਕਰਕੇ ਆਏ ਜਿਨ੍ਹਾਂ ਨੇ ਬੋਤਲ ’ਤੇ ਲੱਗੀ ਸੂਤਲੀ ਨੂੰ ਅੱਗ ਲਗਾ ਕੇ ਬੀਜੇਪੀ ਦਫ਼ਤਰ ਦੀ ਚਾਰ ਦੀਵਾਰੀ ਦੀ ਕੰਧ ਉਪਰੋਂ ਬਿਲਡਿੰਗ ਉਪਰ ਦਿੱਤਾ ਅਤੇ ਵਾਪਸ ਚਲੇ ਗਏ। ਉਨ੍ਹਾਂ ਦਸਿਆ ਕਿ ਇਨ੍ਹਾਂ ਦਾ ਮਕਸਦ ਭਾਜਪਾ ਦਫ਼ਤਰ ਦੀ ਬਿਲਡਿੰਗ ਨੂੰ ਨੁਕਸਾਨ ਪਹੁੰਚਾਉਣਾ ਅਤੇ ਮਾਹੌਲ ਖ਼ਰਾਬ ਕਰਨਾ ਸੀ।
ਪ੍ਰੈਸ ਕਾਨਫ਼ਰੰਸ ਵਿੱਚ ਐਸ.ਐਸ.ਪੀ. ਨੇ ਦਸਿਆ ਕਿ ਇਸ ਮਾਮਲੇ ਨੂੰ ਟਰੇਸ ਕਰਨ ਲਈ ਵੱਡੇ ਪੱਧਰ ’ਤੇ ਜਾਂਚ ਸ਼ੁਰੂ ਕੀਤੀ ਗਈ। ਐਸ.ਪੀ. ਇਨਵੈਸਟੀਗੇਸ਼ਨ ਦਵਿੰਦਰ ਅਤਰੀ ਦੀ ਅਗਵਾਈ ਹੇਠ ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ, ਡੀ.ਐਸ.ਪੀ. ਭਵਾਨੀਗੜ੍ਹ ਸਤਨਾਮ ਸਿੰਘ, ਡੀ.ਐਸ.ਪੀ. ਡੀ. ਸੰਗਰੂਰ ਸੁਖਦੇਵ ਸਿੰਘ, ਇੰਸਪੈਕਟਰ ਸੁਖਦੀਪ ਸਿੰਘ ਅਤੇ ਇੰਸਪੈਕਟਰ ਸੰਦੀਪ ਸਿੰਘ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ। ਇਸ ਤੋਂ ਇਲਾਵਾ ਡਾ. ਸਿਮਰਤ ਕੌਰ ਆਈ.ਪੀ.ਐਸ., ਏ.ਆਈ.ਜੀ., ਕਾਊਂਟਰ ਇੰਟੈਲੀਜੈਂਸ ਦੀ ਟੀਮ ਵਲੋਂ ਵੀ ਅਹਿਮ ਯੋਗਦਾਨ ਪਾਇਆ ਗਿਆ। ਤਫ਼ਤੀਸ਼ ਦੌਰਾਨ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ 24 ਘੰਟਿਆਂ ਦੇ ਅੰਦਰ ਅੰਦਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਹੈਪੀ ਸਿੰਘ ਉਰਫ਼ ਹੈਪੀ ਵਾਸੀ ਪਿੰਡ ਭੰਮਾਬਦੀ ਥਾਣਾ ਲੌਂਗੋਵਾਲ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਵਾਸੀ ਵਾਰਡ ਨੰਬਰ 12 ਸ਼ਹੀਦ ਊਧਮ ਸਿੰਘ ਬਸਤੀ ਲਹਿਰਾ ਨੂੰ ਕੇਸ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।