ਪਾਤੜਾਂ : ਗਲੀ ਵਿੱਚ ਪਏ ਕੂੜੇ ਨੂੰ ਲੈ ਕੇ ਕੋਈ ਤਕਰਾਰਬਾਜ਼ੀ ਮਗਰੋਂ ਘਰ ਅੰਦਰ ਵੜ ਕੇ ਕੀਤੀ ਗਈ ਕੁੱਟਮਾਰ ਦੀ ਤਾਬ ਨਾ ਝੱਲਦਿਆਂ ਮਰਨ ਵਾਲੇ ਨੌਜਵਾਨ ਦੇ ਦੋਸ਼ ਵਿੱਚ ਨਾਮਜ਼ਦ ਕਥਿਤ ਦੋਸ਼ੀਆਂ ਨਾ ਫੜ੍ਹੇ ਜਾਣ 'ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਹੱਕ ਵਿੱਚ ਆਏ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਅਤੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਦੀ ਅਗਵਾਈ 'ਚ ਵਰਕਰਾਂ ਵੱਲੋਂ ਹਰ ਤਰ੍ਹਾਂ ਦਾ ਸਾਥ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਇਨਸਾਫ ਦੀ ਮੰਗ ਨੂੰ ਲੈ ਕੇ ਸਥਾਨਕ ਮਿਲਨ ਪੈਲਸ ਵਿੱਚ ਰਾਜਨੀਤਿਕ ਆਗੂਆਂ ਦੀ ਹਾਜ਼ਰੀ ਵਿੱਚ ਸ਼ਹਿਰ ਦੇ ਵਾਰਡ ਨੰਬਰ 10 ਦੇ ਵਾਸੀ ਮੇਘ ਚੰਦ ਨੇ ਦੱਸਿਆ ਕਿ 13 ਜੁਲਾਈ ਨੂੰ ਮਾਮੂਲੀ ਤਕਰਾਰ ਨੂੰ ਲੈ ਕੇ 7 ਨੰਬਰ ਵਾਰਡ ਦੇ ਕੌਂਸਲਰ ਪ੍ਰੇਮ ਲਤਾ ਦੇ ਪਤੀ ਰਾਜ ਕੁਮਾਰ, ਉਸ ਦੇ ਲੜਕੇ ਅਤੇ ਹੋਰ ਸਾਥੀਆਂ ਵੱਲੋਂ ਘਰ ਦੇ ਬੰਦ ਮੁੱਖ ਦਰਵਾਜ਼ੇ ਦੀ ਉਪਰ ਦੀ ਲੰਘ ਕੇ ਆ ਕੇ ਘਰ ਵਿੱਚ ਮੌਜੂਦ ਉਸਦੇ ਲੜਕਿਆਂ ਦੀ ਕੁੱਟਮਾਰ ਕੀਤੀ ਗਈ। ਜਿਸ ਨਾਲ 28 ਸਾਲਾ ਨੌਜਵਾਨ ਲੜਕੇ ਹਰੀਸ਼ ਕੁਮਾਰ ਦੇ ਸਿਰ ਅਤੇ ਪੇਟ ਵਿੱਚ ਜ਼ਿਆਦਾ ਸੱਟਾਂ ਵੱਜੀਆਂ ਹੋਣ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਸ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਉਹਨਾਂ ਦੇ ਨੌਜਵਾਨ ਲੜਕੇ ਦੀ ਇਲਾਜ ਦੌਰਾਨ 20 ਜੁਲਾਈ ਨੂੰ ਮੌਤ ਹੋ ਗਈ ਹੈ। ਇਸ ਦੌਰਾਨ ਪੁਲਿਸ ਨੇ 15 ਜੁਲਾਈ ਨੂੰ ਦਰਜ ਕੇਸ ਵਿੱਚ ਕਤਲ ਦੀਆਂ ਧਰਾਵਾਂ ਦਾ ਵਾਧਾ ਕਰ ਦਿੱਤਾ ਸੀ ਪਰ ਹਫਤੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਦੀ ਹਾਜ਼ਰੀ ਵਿੱਚ ਪਰਿਵਾਰ ਨੇ ਐਲਾਨ ਕੀਤਾ ਕਿ ਅਗਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਚੌਂਕ ਵਿੱਚ ਆਉਣ ਲਈ ਮਜਬੂਰ ਹੋਣਗੇ। ਇਸ ਮੌਕੇ ਕੇਵਲ ਕੁਮਾਰ, ਪ੍ਰੇਮ ਚੰਦ ਗੁਪਤਾ ਸਾਬਕਾ ਪ੍ਰਧਾਨ ਨਗਰ ਕੌਂਸਲ, ਕ੍ਰਿਸ਼ਨ ਕੁਮਾਰ, ਸੁਰੇਸ਼ ਕੁਮਾਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਹੈਪੀ ਅਤੇ ਭਾਜਪਾ ਦੇ ਮੰਡਲ ਪ੍ਰਧਾਨ ਲਾਲ ਚੰਦ ਲਾਲੀ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਡੱਬੀ: ਮਾਮਲੇ ਸਬੰਧੀ ਸ਼ਹਿਰੀ ਪੁਲਿਸ ਚੌਕੀ ਪਾਤੜਾਂ ਦੇ ਮੁਖੀ ਜੱਜਵਿੰਦਰ ਸਿੰਘ ਪੰਨੂ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਮ੍ਰਿਤਕ ਹਰੀਸ਼ ਕੁਮਾਰ ਦੇ ਮਾਮਲੇ ਵਿੱਚ 5 ਵਿਅਕਤੀਆਂ ਦੇ ਨਾਮ 'ਤੇ ਅਤੇ 8 ਦੇ ਕਰੀਬ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀ ਫ਼ਰਾਰ ਹਨ, ਪਰ ਛੇਤੀ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਫੋਟੋ : ਕਾਂਗਰਸ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਅਤੇ ਭਾਜਪਾ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੂਤ ਦੀ ਹਾਜ਼ਰੀ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ।