ਸੁਨਾਮ : ਹੜਤਾਲੀ ਬਿਜਲੀ ਮੁਲਾਜ਼ਮਾਂ ਦੀ ਸੂਬਾ ਸਰਕਾਰ ਨਾਲ ਮੰਗਾਂ ਤੇ ਸਹਿਮਤੀ ਬਣਨ ਤੋਂ ਬਾਅਦ ਸੋਮਵਾਰ ਨੂੰ ਸੁਨਾਮ ਵਿਖੇ ਬਿਜਲੀ ਕਰਮੀਆਂ ਨੇ ਗੇਟ ਰੈਲੀ ਕਰਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਹੜਤਾਲੀ ਬਿਜਲੀ ਮੁਲਾਜ਼ਮਾਂ ਪ੍ਰਤੀ ਦਿੱਤੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਬੁਲਾਰਿਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਨੁਮਾਇੰਦਿਆਂ ਨੂੰ ਹੜਤਾਲੀ ਮੁਲਾਜ਼ਮਾਂ ਨਾਲ ਸਹਿਜ ਰੂਪ ਵਿੱਚ ਗੱਲ ਕਰਨੀ ਚਾਹੀਦੀ ਹੈ ਨਾ ਕਿ ਤਲਖ਼ ਲਹਿਜੇ ਵਿੱਚ ਹੱਕ ਮੰਗਦੇ ਕਰਮਚਾਰੀਆਂ ਨਾਲ ਜਨਤਾ ਨੂੰ ਲੜਾਉਣ ਦੀ ਨੀਤੀ ਅਪਣਾਉਣੀ ਚਾਹੀਦੀ ਹੈ। ਪੁਰਾਣੇ ਬਿਜਲੀ ਘਰ 33 ਕੇਵੀ ਸੁਨਾਮ ਦੇ ਗੇਟ ਅੱਗੇ ਪਾਵਰਕਾਮ, ਏਕਤਾ ਮੰਚ ਜੁਆਇੰਟ ਫੋਰਮ ਅਤੇ ਜੇਈ ਕੌਂਸਲ ਦੇ ਮੁਲਾਜ਼ਮਾਂ ਨੇ ਰੈਲੀ ਕਰਕੇ ਮੈਨੇਜਮੈਂਟ ਨਾਲ ਹੋਈ ਮੀਟਿੰਗ ਦੌਰਾਨ ਜਿਨ੍ਹਾਂ ਮੰਗਾਂ ਉੱਪਰ ਲਿਖਤੀ ਤੌਰ ਤੇ ਸਹਿਮਤੀ ਬਣੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਜਵਾਲਾ ਸਿੰਘ, ਸੁਰਿੰਦਰ ਸਿੰਘ , ਪ੍ਰਿਤਪਾਲ ਸਿੰਘ,ਜਗਸੀਰ ਸਿੰਘ,ਸੁਖਪਾਲ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰ ਯੂਨੀਅਨ ਦੇ ਆਗੂ ਜਗਦੇਵ ਸਿੰਘ ਬਾਹੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਨੇਜਮੈਂਟ ਨੂੰ ਬਿਜਲੀ ਕਾਮਿਆਂ ਦੇ ਏਕੇ ਅੱਗੇ ਝੁਕਣਾ ਪਿਆ ਹੈ। ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਹੜਤਾਲੀ ਬਿਜਲੀ ਮੁਲਾਜ਼ਮਾਂ ਪ੍ਰਤੀ ਤਲਖ਼ ਲਹਿਜੇ ਵਿੱਚ ਤਿੰਨ ਕਰੋੜ ਲੋਕਾਂ ਨੂੰ ਪ੍ਰੇਸ਼ਾਨ ਨਾ ਕੀਤੇ ਜਾਣ ਵਾਲੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਆਖਿਆ ਕਿ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਧਿਆਨ ਦੇਣਾ ਚਾਹੀਦਾ ਸੀ ਨਾ ਕਿ ਕਿਸਾਨਾਂ ਅਤੇ ਆਮ ਜਨਤਾ ਨੂੰ ਹੜਤਾਲੀ ਬਿਜਲੀ ਮੁਲਾਜ਼ਮਾਂ ਨਾਲ ਆਪਸ ਵਿੱਚ ਲੜਾਕੇ ਮਾਹੌਲ ਖ਼ਰਾਬ ਕਰਨ ਦੀ ਸੋਚ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਵਰਗ ਹੱਕਾਂ ਦੀ ਪੂਰਤੀ ਲਈ ਮੁਲਕ ਅਜ਼ਾਦ ਹੋਣ ਸਮੇਂ ਤੋਂ ਹੀ ਹੜਤਾਲਾਂ ਅਤੇ ਧਰਨੇ ਮੁਜ਼ਾਹਰੇ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮ ਵਰਗ ਦੇ ਏਕੇ ਮੂਹਰੇ ਸਰਕਾਰ ਨੂੰ ਝੁਕਣਾ ਪਿਆ ਹੈ।