ਕੋਟਕਪੂਰਾ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਸਥਾਨਕ ਬਠਿੰਡਾ ਰੋਡ 'ਤੇ ਸਥਿਤ ਅਰਵਿੰਦ ਨਗਰ ਕਲੋਨੀ ਵਿੱਚ ਓਪਨ ਜ਼ਿੰਮ ਦਾ ਰੀਬਨ ਕੱਟ ਕੇ ਅਤੇ ਆਪ ਖੁਦ ਕੁੱਝ ਕਸਰਤਾਂ ਕਰਕੇ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ। ਅਰਵਿੰਦ ਨਗਰ ਵਿਕਾਸ ਕਮੇਟੀ ਕੋਟਕਪੂਰਾ (ਰਜਿ:) ਦੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਅਰਵਿੰਦ ਨਗਰ ਵਿਕਾਸ ਕਮੇਟੀ ਦੇ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਆਪਣੇ ਸੰਬੋਧਨ ਵਿੱਚ ਕਲੋਨੀ ਵਸਨੀਕਾਂ ਦੀ ਕੁੱਝ ਮੁਸ਼ਕਲਾਂ ਸਪੀਕਰ ਸਾਹਿਬ ਦੇ ਧਿਆਨ ਵਿੱਚ ਲਿਆਂਦੀਆਂ ਅਤੇ ਮੰਗ ਕੀਤੀ ਕਿ ਵਸਨੀਕਾਂ ਦੀ ਸਹੂਲਤ ਵਾਸਤੇ ਅਤੇ ਛੋਟੇ ਮੋਟੇ ਸਮਾਜਿਕ ਸਮਾਗਮ ਕਰਨ ਲਈ ਕਲੋਨੀ ਵਿੱਚ ਖਾਲੀ ਪਈ ਕਿਸੇ ਜਗ੍ਹਾ 'ਤੇ ਕਮਿਊਨਟੀ ਹਾਲ ਦੀ ਸਥਾਪਨਾ ਕਰਨ ਵਾਸਤੇ ਪੰਜਾਬ ਸਰਕਾਰ ਅਤੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਵਸਨੀਕਾਂ ਦੀ ਫੰਡ ਦੇ ਤੌਰ 'ਤੇ ਮਦਦ ਕੀਤੀ ਜਾਵੇ। ਸਮਾਗਮ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੇ ਸਾਰਿਆਂ ਦੀ ਤੰਦਰੁਸਤੀ ਲਈ ਸਰੀਰਕ ਕਸਰਤ ਵਿਸ਼ੇਸ਼ ਤੌਰ ਤੇ ਜ਼ਿੰਮ ਦਾ ਬਹੁਤ ਮਹੱਤਵਪੂਰਨ ਰੋਲ ਹੈ। ਉਹਨਾਂ ਅੱਗੇ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਦੇ ਯੋਗਦਾਨ ਸਦਕਾ ਅਰਵਿੰਦ ਨਗਰ ਦੇ ਵਸਨੀਕਾਂ ਵਾਸਤੇ ਓਪਨ ਜ਼ਿੰਮ ਪ੍ਰਦਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਮਾਗਮ ਦੌਰਾਨ ਵਸਨੀਕਾਂ ਵੱਲੋਂ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ, ਇੰਜ. ਸੁਖਜੀਤ ਸਿੰਘ ਢਿੱਲਵਾਂ ਵਾਈਸ ਚੇਅਰਮੈਨ ਪੰਜਾਬ ਊਰਜਾ ਵਿਕਾਸ ਏਜੰਸੀ, ਸਵਰਨ ਸਿੰਘ ਮੋਂਗਾ ਅਤੇ ਮਨਦੀਪ ਕੁਮਾਰ ਮੋਂਗਾ ਪਰਿਵਾਰਕ ਮੈਂਬਰ ਨਗਰ ਕੌਂਸਲਰ ਵਾਰਡ ਨੰਬਰ 9 ਅਤੇ ਸਵਰਨ ਸਿੰਘ ਵਿਰਦੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।