ਸਮਾਣਾ : ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਰਜਿ. ਵੱਲੋਂ ਕਰਵਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਤਹਿਤ ਸੱਤਵਾਂ ਸੈਮੀਨਾਰ ਮੁੱਖ ਸਰਪ੍ਰਸਤ ਬਲਵਿੰਦਰ ਸਿੰਘ ਜਾਤੀਵਾਲ ਦੀ ਪ੍ਰਧਾਨਗੀ ਤਹਿਤ ਪੇਂਡੂ ਖੇਤਰ ਵਿਚ ਸਮਾਣਾ ਨਜ਼ਦੀਕ ਪਿੰਡ ਢੈਂਠਲ ਵਿਖੇ ਕਰਵਾਇਆ ਗਿਆ। ‘ਗੁਰੂ ਰਵਿਦਾਸ ਦੇ ਸਮਕਾਲੀ ਬਾਣੀਕਾਰਾਂ ਨਾਲ ਸਰੋਕਾਰ‘ ਵਿਸ਼ੇ ਤੇ ਹੋਏ ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸੰਨ੍ਹੀ ਓਬਰਾਏ ਵਿਵੇਕ ਸਦਨ ਫਿਉਚਰਸਟਿਕ ਯੂਨੀਵਰਸਿਟੀ ਸ੍ਰੀ ਅਨੰਦਪੁਰ ਸਾਹਿਬ ਦੇ ਵਾਈਸ ਚਾਂਸਲਰ ਡਾ. ਸਰਬਜਿੰਦਰ ਸਿੰਘ ਨੇ ਕੁੰਜੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਸਿੱਖੀ ਦੀ ਸ਼ੁਰੂਆਤ ਕਰਨ ਵਾਲੇ ਮੁੱਢਲੇ ਬਾਣੀਕਾਰਾਂ ਵਿਚ ਗੁਰੂ ਰਵਿਦਾਸ ਜੀ ਵੱਲੋਂ ਸ਼ੁਰੂ ਕੀਤੀ ਕ੍ਰਾਂਤੀਕਾਰੀ ਲਹਿਰ ਨੇ ਹਾਸ਼ੀਏ ਤੇ ਬੈਠੇ ਪਛੜੇ ਸਮਾਜ ਨੂੰ ਇਨਸਾਨ ਹੋਣ ਦਾ ਅਹਿਸਾਸ ਕਰਾਇਆ। ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣਕਾਰੀ ਸਾਰੇ ਪਾਖੰਡਵਾਦ ਦਾ ਖੰਡਨ ਕਰਦੇ ਹਨ ਪਰ ਫਿਰ ਵੀ ਸਾਡੇ ਸਿੱਖ ਸਮਾਜ ਵਿਚ ਅਮਲ ਕਰਨ ਨਾਲੋਂ ਵੱਧ ਪੂਜਾ ਪ੍ਰਣਾਲੀ ਅਪਣਾਈ ਜਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਸਿਰਫ਼ ਸ਼ਬਦ ਗੁਰੂ ਨਾਲ ਜੋੜਦੇ ਹਨ ਪਰ ਅਸੀਂ ਅੱਜ ਵੀ ਜਾਤਾਂ ਪਾਤਾਂ ਊਚ ਨੀਚ ਦੇ ਅਡੰਬਰਾਂ ਵਿਚ ਉਲਝੇ ਪਏ ਹਾਂ। ਗੁਰੂ ਰਵਿਦਾਸ ਜੀ ਦੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਅਹਿਸਾਸ ਕਰਾਉਂਦੀ ਹੈ ਕਿ ਵਾਹਿਗੁਰੂ ਸਿਰਫ਼ ਅਮੀਰ ਜਾਂ ਫਿਰ ਕਿਸੇ ਉੱਚੀ ਜਾਤ ਵਾਲੇ ਦਾ ਨਹੀਂ ਹੈ ਸਗੋਂ ਉਹ ਖੰਡਾਂ ਬ੍ਰਹਿਮੰਡ ਦੇ ਕਣ ਕਣ ਦਾ ਰੱਖਿਅਕ ਹੈ। ਇਸ ਵੇਲੇ ਇਸ ਸੈਮੀਨਾਰ ਦੇ ਕੋਆਰਡੀਨੇਟਰ ਡਾ. ਗੁਰਮੀਤ ਕੱਲਰਮਾਜਰੀ ਨੇ ਸਵਾਗਤੀ ਤੇ ਕੋ ਕੋਆਰਡੀਨੇਟਰ ਡਾ. ਸੰਤੋਖ ਸਿੰਘ ਨੇ ਧੰਨਵਾਦੀ ਭਾਸ਼ਣ ਦਿੱਤਾ।