ਲੁਧਿਆਣਾ : ਬੀਤੇ ਦਿਨੀਂ ਹਲਕਾ ਗਿੱਲ ਦੇ ਪਿੰਡ ਤਲਵੰਡੀ ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਰੱਖੀ ਗਈ 'ਲੋਕ ਮਿਲਣੀ' ਦੌਰਾਨ ਇੱਕ ਨੌਜਵਾਨ ਵੱਲੋਂ ਵਿਧਾਇਕ ਨੂੰ ਸਵਾਲ ਪੁੱਛਣ ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਕੇ ਵਿਧਾਇਕ ਦੇ ਅਕਸ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਵੱਡਾ ਖ਼ੁਲਾਸਾ ਕੀਤਾ ਹੈ। ਪਿੰਡ ਦੀ ਪੰਚਾਇਤ ਨੇ ਇਸ ਸਾਰੀ ਘਟਨਾ ਨੂੰ ਵਿਰੋਧੀ ਸਿਆਸੀ ਪਾਰਟੀਆਂ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਤਲਵੰਡੀ ਕਲਾਂ ਦੇ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਵਿਧਾਇਕ ਜੀਵਨ ਸਿੰਘ ਸੰਗੋਵਾਲ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਰਾਬਤਾ ਕਾਇਮ ਕਰਨ ਲਈ ਪਹੁੰਚੇ ਸਨ, ਜਿੱਥੇ ਸਾਰੇ ਪਿੰਡ ਵਾਸੀ ਸ਼ਾਂਤੀਪੂਰਵਕ ਆਪਣੀਆਂ ਗੱਲਾਂ ਰੱਖ ਰਹੇ ਸਨ। ਪਰ ਇਸੇ ਦੌਰਾਨ ਇੱਕ ਨੌਜਵਾਨ ਨੇ ਸੋਚੀ-ਸਮਝੀ ਰਣਨੀਤੀ ਤਹਿਤ ਮਾਹੌਲ ਖ਼ਰਾਬ ਕਰਨ ਅਤੇ ਵਿਧਾਇਕ ਸਾਹਿਬ ਨੂੰ ਉਲਝਾਉਣ ਲਈ ਭੜਕਾਊ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿੱਚ ਸ਼ਰਾਰਤਪੂਰਨ ਢੰਗ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਸਰਪੰਚ ਸੁਰਜੀਤ ਸਿੰਘ ਨੇ ਵੱਡਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਸਵਾਲ ਕਰਨ ਵਾਲੇ ਉਕਤ ਵਿਅਕਤੀ ਦਾ ਆਪਣਾ ਪਿਛੋਕੜ ਅਪਰਾਧਿਕ ਹੈ ਅਤੇ ਉਸ 'ਤੇ ਪਹਿਲਾਂ ਹੀ ਐਨ.ਡੀ.ਪੀ.ਐਸ. (NDPS) ਐਕਟ ਦੇ ਤਹਿਤ ਨਸ਼ਾ ਤਸਕਰੀ ਦੇ 4 ਤੋਂ 5 ਸੰਗੀਨ ਮੁਕੱਦਮੇ ਦਰਜ ਹਨ। ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੇ ਇੱਕਸੁਰ ਵਿੱਚ ਕਿਹਾ ਕਿ ਉਹ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਅਜਿਹੀਆਂ ਘਿਨਾਉਣੀਆਂ ਸਾਜ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।