ਅੰਮ੍ਰਿਤਸਰ : ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੱਜ ਇਕ ਵੱਡਾ ਫੈਸਲਾ ਲੈਂਦਿਆ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਪੰਜਾਬ ਦੇ 13 ਜਿਲਿਆਂ ਦੇ ਜਿਲਾ ਯੂਥ ਪ੍ਰਧਾਨ ਨਿਯੁਕਤ ਕੀਤੇ ਗਏ। ਪਾਰਟੀ ਦੇ ਮੀਡੀਆ ਇੰਚਾਰਜ ਭਾਈ ਸ਼ਮਸ਼ੇਰ ਸਿੰਘ ਪੱਧਰੀ ਵੱਲੋਂ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੱਤੀ ਗਈ ਕਿ ਪਾਰਟੀ ਦੇ ਮੁੱਖ ਦਫ਼ਤਰ ਸਕੱਤਰ ਭਾਈ ਪ੍ਰਗਟ ਸਿੰਘ ਮੀਆਂਵਿੰਡ ਦੇ ਦਸਤਖ਼ਤਾਂ ਹੇਠ ਜਾਰੀ ਅਧਿਕਾਰਕ ਲੈਟਰਹੈੱਡ ਰਾਹੀਂ ਪੰਜਾਬ ਦੇ 13 ਜ਼ਿਲ੍ਹਿਆਂ ਲਈ ਇਹਨਾਂ ਯੂਥ ਵਿੰਗ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਭਾਈ ਸੁਖਬੀਰ ਸਿੰਘ ਚੀਮਾਂ (ਅੰਮ੍ਰਿਤਸਰ ਸ਼ਹਿਰੀ), ਭਾਈ ਸਰਤਾਜ ਸਿੰਘ (ਤਰਨ ਤਾਰਨ), ਭਾਈ ਸੁਖਵਿੰਦਰ ਸਿੰਘ (ਹੁਸ਼ਿਆਰਪੁਰ), ਭਾਈ ਮਨਦੀਪ ਸਿੰਘ ਮੰਡਲੀ (ਮਾਨਸਾ), ਭਾਈ ਮਨਪ੍ਰੀਤ ਸਿੰਘ ਸਿੱਧੂ (ਬਠਿੰਡਾ), ਐਡਵੋਕੇਟ ਭਾਈ ਗੁਰਕੀਰਤ ਸਿੰਘ (ਸੰਗਰੂਰ), ਭਾਈ ਪਰਮਿੰਦਰ ਸਿੰਘ ਕਾਹਨਾਂ (ਕਪੂਰਥਲਾ), ਭਾਈ ਜਗਦੀਪ ਸਿੰਘ ਡੰਘੇੜੀਆਂ (ਫਤਿਹਗੜ੍ਹ ਸਾਹਿਬ), ਭਾਈ ਰਣਬੀਰ ਸਿੰਘ ਬਾਦੀਆਂ (ਸ੍ਰੀ ਮੁਕਤਸਰ ਸਾਹਿਬ), ਭਾਈ ਹੈਦਰ ਖਾਨ ਢੱਡੇਵਾੜਾ (ਮਾਲੇਰਕੋਟਲਾ), ਭਾਈ ਅਵਿਨਿੰਦਰ ਸਿੰਘ ਗੋਲਡੀ (ਲੁਧਿਆਣਾ ਦਿਹਾਤੀ–ਜਗਰਾਓਂ), ਭਾਈ ਵਰਿੰਦਰ ਸਿੰਘ (ਲੁਧਿਆਣਾ ਦਿਹਾਤੀ–ਖੰਨਾ) ਅਤੇ ਭਾਈ ਗੁਰਦੀਪ ਸਿੰਘ (ਫਿਰੋਜ਼ਪੁਰ) ਨੂੰ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪੰਜਾਬ ਯੂਥ ਵਿੰਗ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਕਾਦੀਆਂ ਨੇ ਕਿਹਾ ਕਿ ਪਾਰਟੀ ਹਮੇਸ਼ਾ ਸਮਰਪਿਤ, ਮਿਹਨਤੀ ਅਤੇ ਪੰਥ-ਪੰਜਾਬ ਪ੍ਰਤੀ ਵਚਨਬੱਧ ਨੌਜਵਾਨਾਂ ਨੂੰ ਜ਼ਿੰਮੇਵਾਰੀਆਂ ਸੌਂਪਣ ਲਈ ਵਚਨਬੱਧ ਰਹੀ ਹੈ। ਉਨ੍ਹਾਂ ਕਿਹਾ ਕਿ ਨਵ-ਨਿਯੁਕਤ ਯੂਥ ਪ੍ਰਧਾਨ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ, ਨੌਜਵਾਨ ਸ਼ਕਤੀ ਨੂੰ ਇੱਕਜੁੱਟ ਕਰਨ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਪਾਰਟੀ ਲਈ ਚੜਦੀ ਕਲਾ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ।