ਲੁਧਿਆਣਾ : ਵਿਧਾਨ ਸਭਾ ਹਲਕਾ ਗਿੱਲ ਦੀ ਰਾਜਧਾਨੀ ਸਮਝੇ ਜਾਂਦੇ ਬੇਟ ਇਲਾਕੇ ਦੇ ਪਿੰਡ ਚੂਹੜਪੁਰ ਵਿਖੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਜਥੇਬੰਦੀ ਦੀ ਇੱਕ ਅਹਿਮ ਅਤੇ ਵਿਸ਼ੇਸ਼ ਮੀਟਿੰਗ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਹਲਕਾ ਗਿੱਲ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਇਲਾਕੇ ਦੇ ਲੋਕਾਂ ਦਾ ਅਥਾਹ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ, ਨੌਜਵਾਨਾਂ ਅਤੇ ਵੱਖ-ਵੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਇਕੱਠ ਨੂੰ ਵੇਖਦਿਆਂ ਇਹ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੇ ਮੁੱਦਿਆਂ ਅਤੇ ਪੰਜਾਬੀਅਤ ਦੀ ਰਾਖੀ ਲਈ ਜਥੇਬੰਦੀ ਦੀਆਂ ਗਤੀਵਿਧੀਆਂ ਨੂੰ ਵੱਖ-ਵੱਖ ਵਰਗਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ਼ਿਵਾਲਿਕ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ ਤਾਂ ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਕਈ ਮਹੱਤਵਪੂਰਨ ਕੰਮ ਕਰਵਾਏ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼ਹਿਰ ਦੇ ਨਾਲ ਲੱਗਦੀਆਂ ਕਈ ਕਲੋਨੀਆਂ ਨੂੰ ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ ਅਤੇ ਹੋਰ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ, ਜਿਨ੍ਹਾਂ ਦਾ ਲਾਭ ਅੱਜ ਵੀ ਹਜ਼ਾਰਾਂ ਪਰਿਵਾਰ ਲੈ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਕੀਤੇ ਵਿਕਾਸ ਕਾਰਜਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ ਅਤੇ ਇਲਾਕੇ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹਨ। ਪ੍ਰਬੰਧਕਾਂ ਵੱਲੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਅਤੇ ਹੋਰ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ।