ਸੁਨਾਮ : ਚੀਮਾਂ ਮੰਡੀ ਵਿਖੇ ਇੱਕ ਨੌਜਵਾਨ ਨੇ ਗਲਫਾਹਾ ਲਾਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ ਉਂਜ ਪੁਲਿਸ ਉਕਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖ ਰਹੀ ਹੈ। ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਵਿਖੇ ਮ੍ਰਿਤਕ ਨੌਜਵਾਨ ਦੇ ਪੋਸਟਮਾਰਟਮ ਸਮੇਂ ਪੁਲਿਸ ਥਾਣਾ ਚੀਮਾਂ ਦੇ ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ (27) ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਚੀਮਾ ਜੋ ਕਿ ਪਿਕਅਪ ਗੱਡੀ ਜਰੀਏ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ।ਜਿਸ ਨੇ ਅਨਾਜ ਮੰਡੀ ਚੀਮਾ ਵਿਖੇ ਮਾਰਕਿਟ ਕਮੇਟੀ ਦਫਤਰ ਦੇ ਅੱਗੇ ਆਪਣੀ ਪਿਕਅਪ ਗੱਡੀ ਖੜ੍ਹੀ ਕਰਨ ਉਪਰੰਤ ਪਿਛਲੇ ਪਾਸੇ ਇਕ ਸੁੰਨਸਾਨ ਜਗ੍ਹਾ ਤੇ ਜਾਕੇ ਆਪਣੇ ਗਲ ਵਿਚ ਰੱਸੀ ਪਾਕੇ ਇਕ ਦਰਖੱਤ ਨਾਲ ਲਟਕਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ।ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਭਾਵੇਂ ਮ੍ਰਿਤਕ ਦੀ ਪਤਨੀ ਰੋਹਨੀ ਦੇ ਬਿਆਨਾਂ ਤੇ ਬੀ ਐਨ ਐਸ ਐਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ ਪਰ ਪੁਲਿਸ ਵਲੋਂ ਨੌਜਵਾਨ ਦੀ ਮੌਤ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।