ਸੁਨਾਮ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਅੰਦਰ ਫਾਰਮੇਸੀ ਅਫਸਰਾਂ ਦੀ ਭਰਤੀ ਦੇ ਪੇਪਰ ਲੀਕ ਮਾਮਲੇ ਵਿੱਚ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਅਸਤੀਫ਼ਾ ਮੰਗਿਆ ਹੈ।
ਮੁੱਖ ਮੰਤਰੀ ਵਿਧਾਨ ਸਭਾ ’ਚ ਮੰਗੇ ਮੁਆਫ਼ੀ :
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਿਧਾਨ ਸਭਾ ਦੇ ਅੰਦਰ ਰਾਜ ਦੀ ਜਨਤਾ ਤੋਂ ਮੁਆਫ਼ੀ ਵੀ ਮੰਗੇ। ਉਨ੍ਹਾਂ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ ਦੇ ਪੇਪਰ ਲੀਕ ਮਾਮਲੇ ਵਿੱਚ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ ਹੈ। ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਸਫ਼ਾਈ ਕਾਮਿਆਂ ਦੇ ਧਰਨੇ ਵਿੱਚ ਸ਼ਮੂਲੀਅਤ ਕਰਨ ਪੁੱਜੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਸਫ਼ਾਈ ਸੇਵਕਾਂ (ਰੱਬ ਦੇ ਬੰਦਿਆਂ) ਤੇ ਵਹਿਸੀਆਨਾ ਢੰਗ ਨਾਲ ਕੀਤੇ ਲਾਠੀਚਾਰਜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਤਨ ਦੀ ਪੁੱਠੀ ਗਿਣਤੀ ਸ਼ੁਰੂ ਕਰ ਦਿੱਤੀ ਹੈ।
ਆਪ ਸਰਕਾਰ ਦੇ ਪਤਨ ਦੀ ਪੁੱਠੀ ਗਿਣਤੀ ਹੋਈ ਸ਼ੁਰੂ :
ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਝਾੜੂ ਚੁੱਕਣ ਵਾਲੇ ਸਮਾਜ ਤੇ ਪੁਲਿਸ ਤਸ਼ੱਦਦ ਨੇ ਭਗਵੰਤ ਮਾਨ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ, ‘ਸਫਾਈ ਕਰਮਚਾਰੀ ਸਾਡੇ ਸਮਾਜ ਦੇ ਉਹ ‘ਰੱਬ ਦੇ ਬੰਦੇ’ ਹਨ ਜੋ ਸਾਡੇ ਦੁਆਰਾ ਬਣਾਈ ਗਈ ਗੰਦਗੀ ਨੂੰ ਆਪਣੇ ਹੱਥਾਂ ਨਾਲ ਸਾਫ਼ ਕਰਦੇ ਹਨ। ਉਨ੍ਹਾਂ ਵਿਰੁੱਧ ਪੁਲਿਸ ਦੀ ਬੇਰਹਿਮੀ ਅਤੇ ਸਾਡੀਆਂ ਮਾਵਾਂ ਅਤੇ ਭੈਣਾਂ ਦੇ ਸਿਰ ਫਟਣ ਦੀ ਕਾਰਵਾਈ -ਬਹੁਤ ਸ਼ਰਮਨਾਕ ਹੈ। ਇਹ ਅੱਤਿਆਚਾਰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਡੀਐਸਪੀ ਨੂੰ ਮੁਅੱਤਲ ਕਰਨਾ ਸਿਰਫ਼ ਦਿਖਾਵਾ , ਪੁਲਿਸ ਮੁਲਾਜ਼ਮਾਂ ਖਿਲਾਫ ਦਰਜ਼ ਹੋਵੇ ਮਾਮਲਾ :
ਉਨ੍ਹਾਂ ਸਰਕਾਰ ਵੱਲੋਂ ਪੁਲਿਸ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ’ਤੇ ਸਵਾਲ ਉਠਾਉਂਦੇ ਹੋਏ, ਆਖਿਆ ਕਿ ਡੀਐਸਪੀ ਨੂੰ ਸਿਰਫ਼ ਮੁਅੱਤਲ ਕਰਨਾ ਜਨਤਾ ਨੂੰ ਧੋਖਾ ਦੇਣ ਦੇ ਸਮਾਨ ਹੈ, ਜਿਸਦਾ ਉਦੇਸ਼ ਸਿਰਫ਼ ਤਿੰਨ ਮਹੀਨਿਆਂ ਬਾਅਦ ਉਸਦੀ ਚੁੱਪਚਾਪ ਬਹਾਲੀ ਦੀ ਆਗਿਆ ਦੇਣਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਦੀ ਬੇਰਹਿਮੀ ਦੇ ਇਸ ਕਾਰੇ ਸੰਬੰਧੀ (ਮੈਡੀਕਲ-ਕਾਨੂੰਨੀ ਰਿਪੋਰਟ) ਦੇ ਅਧਾਰ ’ਤੇ ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਤੁਰੰਤ ਕੇਸ ਦਰਜ ਕੀਤਾ ਜਾਵੇ।
ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਪੂਰੀ ਪੰਜਾਬ ਕਾਂਗਰਸ ਇਨਸਾਫ਼ ਦੀ ਲੜਾਈ ਵਿੱਚ ਸਫਾਈ ਕਰਮਚਾਰੀਆਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ। ਕਾਂਗਰਸ ਉਦੋਂ ਤੱਕ ਚੁੱਪ ਨਹੀਂ ਰਹੇਗੀ ਜਦੋਂ ਤੱਕ ਪੀੜਤ ਸਫ਼ਾਈ ਸੇਵਕਾਂ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਦੋਸ਼ੀਆਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਨਹੀਂ ਹੋ ਜਾਂਦੇ। ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ; ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਰਾਜਿੰਦਰ ਸਿੰਘ, ਸੁਰਿੰਦਰਪਾਲ ਸਿੰਘ ਸਿਬੀਆ ਅਤੇ ਦਲਬੀਰ ਸਿੰਘ ਗੋਲਡੀ; ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਗਾਗਾ ਅਤੇ ਰਾਜਿੰਦਰ ਦੀਪਾ ਮੌਜੂਦ ਸਨ। ਦੇ ਨਾਲ ਨਾਲ ਰਜਿੰਦਰ ਸਿੰਘ ਰਾਜਾ ਬੀਰਕਲਾਂ, ਸਨਮੀਕ ਹੈਨਰੀ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜੈਚ ਅਤੇ ਰਿੰਪਲ ਧਾਲੀਵਾਲ, ਕਰਮਜੀਤ ਕੌਰ ਮਾਡਲ ਟਾਊਨ, ਦਰਸ਼ਨ ਕਾਂਗੜਾ, ਜਗਦੇਵ ਸਿੰਘ ਦੌਲਾ ਸਿੰਘ ਵਾਲਾ, ਮਲਕੀਤ ਸਿੰਘ ਗੁਰਾਇਆ, ਪ੍ਰਮੋਦ ਅਵਸਥੀ ਆਦਿ ਆਗੂ ਹਾਜਰ ਸਨ।