ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੂੰ ਪੱਤਰ ਲਿਖ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਚਕਾਰ ਰੋਜ਼ਾਨਾ ਵੰਦੇ ਭਾਰਤ ਸਲੀਪਰ ਟਰੇਨ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਰੇਲ ਸਹੂਲਤ ਦਾ ਮਾਮਲਾ ਨਹੀਂ, ਸਗੋਂ ਦੇਸ਼ ਭਰ ਦੇ ਲੱਖਾਂ ਸਿੱਖ ਸ਼ਰਧਾਲੂਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਧਾਰਮਿਕ ਭਾਵਨਾ ਨਾਲ ਜੁੜਿਆ ਮੁੱਦਾ ਹੈ। ਔਜਲਾ ਨੇ ਆਪਣੇ ਪੱਤਰ ਵਿੱਚ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਸਿੱਖ ਜਥਿਆਂ, ਸੰਤ-ਮਹਾਂਪੁਰਸ਼ਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਸੰਸਥਾਵਾਂ ਅਤੇ ਹਜ਼ਾਰਾਂ ਸ਼ਰਧਾਲੂਆਂ ਵੱਲੋਂ ਲਗਾਤਾਰ ਮੰਗ-ਪੱਤਰ ਮਿਲ ਰਹੇ ਹਨ। ਇਨ੍ਹਾਂ ਸਾਰਿਆਂ ਨੇ ਅੰਮ੍ਰਿਤਸਰ ਅਤੇ ਹਜ਼ੂਰ ਸਾਹਿਬ ਦਰਮਿਆਨ ਆਧੁਨਿਕ, ਤੇਜ਼ ਅਤੇ ਆਰਾਮਦਾਇਕ ਸਲੀਪਰ ਰੇਲ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਔਜਲਾ ਨੇ ਰੇਲ ਮੰਤਰੀ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ-ਨਾਂਦੇੜ ਰੂਟ 'ਤੇ ਜਲਦ ਤੋਂ ਜਲਦ ਰੋਜ਼ਾਨਾ ਵੰਦੇ ਭਾਰਤ ਸਲੀਪਰ ਟਰੇਨ ਚਲਾਈ ਜਾਵੇ। ਇਸ ਦੇ ਨਾਲ ਹੀ ਟਰੇਨ ਦਾ ਸਮਾਂ ਅਜਿਹਾ ਰੱਖਿਆ ਜਾਵੇ ਕਿ ਸ਼ਰਧਾਲੂਆਂ ਨੂੰ ਦੇਰ ਰਾਤ ਜਾਂ ਤੜਕੇ ਸਵੇਰੇ ਯਾਤਰਾ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਸੰਸਦ ਮੈਂਬਰ ਨੇ ਉਮੀਦ ਜਤਾਈ ਕਿ ਰੇਲ ਮੰਤਰਾਲਾ ਸ਼ਰਧਾਲੂਆਂ ਦੀ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਗੰਭੀਰਤਾ ਨਾਲ ਵਿਚਾਰ ਕੇ ਦੋਵੇਂ ਪਵਿੱਤਰ ਤਖ਼ਤਾਂ ਵਿਚਕਾਰ ਬਿਹਤਰ ਅਤੇ ਆਧੁਨਿਕ ਰੇਲ ਸੰਪਰਕ ਮੁਹੱਈਆ ਕਰਵਾਉਣ ਲਈ ਸਕਾਰਾਤਮਕ ਫ਼ੈਸਲਾ ਲਵੇਗਾ।
